ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ''ਤੇ ਜਾਣੋ ਕੀ ਬੋਲੇ ਜਾਖੜ
Sunday, Jan 27, 2019 - 04:56 PM (IST)
ਪਠਾਨਕੋਟ (ਧਰਮਿੰਦਰ ਠਾਕੁਰ)— ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਹੋਣ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਅਜੇ ਹੋਰ ਵੀ ਚਿਹਰੇ ਬੇਨਕਾਬ ਹੋਣਗੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਅਸਲ ਸੱਚਾਈ ਸਾਹਮਣੇ ਆਵੇਗੀ। ਸੁਨੀਲ ਜਾਖੜ ਪਠਾਨਕੋਟ 'ਚ ਪੰਚਾਇਤਾਂ ਨੂੰ ਫੰਡ ਜਾਰੀ ਕਰਨ ਲਈ ਪਹੁੰਚੇ ਹੋਏ ਸਨ। ਜਾਖੜ ਨੇ ਬਿਨਾਂ ਨਾਂ ਲਏ ਬਾਦਲਾਂ ਨੂੰ ਅੱਜ ਦੇ ਮਾਡਰਨ ਜਨਰਲ ਡਾਇਰ ਦੱਸਿਆ। ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਦੇ ਸਿਆਸਤ 'ਚ ਦਾਖਲ ਹੋਣ 'ਤੇ ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਦੇ ਰਾਜਨੀਤੀ 'ਚ ਆਉਣ ਨਾਲ ਕਾਂਗਰਸ ਨੂੰ ਮਜ਼ਬੂਤੀ ਮਿਲੀ ਹੈ, ਜਿਸ ਦੇ ਨਤੀਜੇ ਚੋਣਾਂ 'ਚ ਦੇਖਣ ਨੂੰ ਮਿਲਣਗੇ। ਨਵਜੋਤ ਕੌਰ ਸਿੱਧੂ ਵੱਲੋਂ ਚੰਡੀਗੜ੍ਹ ਲੋਕ ਸਭਾ ਚੋਣਾਂ 'ਤੇ ਕੀਤੀ ਗਈ ਦਾਅਵੇਦਾਰੀ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਸ਼ਖਸ ਆਪਣੀ ਦਾਅਵੇਦਾਰੀ ਦੇ ਸਕਦਾ ਹੈ, ਬਾਕੀ ਟਿਕਟ ਕਿਸ ਨੂੰ ਦੇਣੀ ਹੈ, ਇਹ ਪਾਰਟੀ ਹਾਈ ਕਮਾਨ ਦੇ ਹੱਥ 'ਚ ਹੈ। ਦੱਸ ਦੇਈਏ ਕਿ ਐੱਸ. ਆਈ. ਟੀ. ਨੇ ਐਤਵਾਰ ਸਵੇਰੇ ਤੜਕੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੇ ਹੁਸ਼ਿਆਰਪੁਰ ਸਥਿਤ ਘਰ 'ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
