ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਵਲੋਂ ਸੰਸਦ ਭਵਨ ਦੇ ਬਾਹਰ ਵਿਖਾਵਾ

12/28/2018 3:56:18 PM

ਜਲੰਧਰ, (ਧਵਨ)—ਪੰਜਾਬ ਨਾਲ ਸਬੰਧਿਤ ਕਾਂਗਰਸੀ ਸੰਸਦ ਮੈਂਬਰਾਂ ਨੇ ਵੀਰਵਾਰ ਦਿੱਲੀ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਸੰਸਦ ਭਵਨ ਦੇ ਬਾਹਰ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ। ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਦੀ ਰੋਕੀ ਗਈ 1287 ਕਰੋੜ ਰੁਪਏ ਦੀ ਰਕਮ ਕੇਂਦਰ ਸਰਕਾਰ ਤੁਰੰਤ ਰਿਲੀਜ਼ ਕਰੇ। ਰੋਸ ਵਿਖਾਵੇ 'ਚ ਜਾਖੜ ਦੇ ਨਾਲ-ਨਾਲ ਚੌਧਰੀ ਸੰਤੋਖ ਸਿੰਘ (ਜਲੰਧਰ), ਰਵਨੀਤ ਸਿੰਘ ਬਿੱਟੂ (ਲੁਧਿਆਣਾ) ਅਤੇ ਗੁਰਜੀਤ ਸਿੰਘ ਔਜਲਾ (ਅੰਮ੍ਰਿਤਸਰ) ਸ਼ਾਮਲ ਹੋਏ।

ਇਸ ਮੌਕੇ ਜਾਖੜ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਮਨਮੋਹਨ ਸਿੰਘ ਸਰਕਾਰ ਨੇ 2010 'ਚ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਦਸਵੀਂ ਤੋਂ ਅੱਗੋਂ ਦੀ ਪੜ੍ਹਾਈ ਲਈ ਵਜ਼ੀਫਾ ਸਕੀਮ ਦਾ ਲਾਭ ਦੇਣ ਦਾ ਫੈਸਲਾ ਲਿਆ ਸੀ। ਨਾਲ ਹੀ ਇਹ ਵੀ ਕਿਹਾ ਸੀ ਕਿ ਅਜਿਹੇ ਪਰਿਵਾਰਾਂ ਦੇ ਬੱਚਿਆਂ ਨੂੰ ਵਜ਼ੀਫਾ ਦਿੱਤਾ ਜਾਏਗਾ ਜਿਨ੍ਹਾਂ ਦੀ ਸਾਲਾਨਾ ਆਮਦਨ 2 ਲੱਖ ਰੁਪਏ ਜਾਂ ਉਸ ਤੋਂ  ਵੀ ਘੱਟ ਹੈ। ਕਾਂਗਰਸ ਦਾ ਮੰਨਣਾ ਹੈ ਕਿ ਸਿੱਖਿਆ ਦੇ ਪਸਾਰ ਦੇ ਨਾਲ-ਨਾਲ ਦਲਿਤ ਭਾਈਚਾਰੇ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਬੱਚਿਆਂ ਨੂੰ ਵੀ ਭਵਿੱਖ 'ਚ ਪੜ੍ਹਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਜਾਖੜ ਨੇ ਕਿਹਾ ਕਿ ਪੰਜਾਬ 'ਚ ਸਾਬਕਾ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੋਸਟ ਮੈਟ੍ਰਿਕ ਵਜ਼ੀਫਾ ਯੋਜਨਾ ਦਾ ਲਾਭ ਯੋਗ ਬੱਚਿਆਂ ਤਕ ਪਹੁੰਚਾਇਆ ਹੈ। ਹੁਣ ਕੇਂਦਰ 'ਚ ਅਕਾਲੀ ਦਲ ਦੀ ਸਹਿਯੋਗੀ ਸਰਕਾਰ ਭਾਜਪਾ ਨੇ ਵੀ ਦਲਿਤ ਭਾਈਚਾਰੇ ਦੇ ਬੱਚਿਆਂ ਲਈ ਸਕਾਲਰਸ਼ਿਪ ਦੀ ਲਗਭਗ 1287 ਕਰੋੜ ਰੁਪਏ  ਦੀ ਰਕਮ ਲੰਬੇ ਸਮੇਂ ਤੋਂ  ਰੋਕੀ ਹੋਈ ਹੈ। ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਈ ਵਾਰ ਕੇਂਦਰ ਨੂੰ ਇਹ ਰਕਮ ਜਾਰੀ ਕਰਨ ਲਈ ਕਿਹਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਇਸ ਲਈ ਤਿਆਰ ਨਹੀਂ ਹੋ ਰਿਹਾ।


Shyna

Content Editor

Related News