ਕਿਸਾਨਾਂ ਨੂੰ ਸਾਜ਼ਿਸ਼ ਤਹਿਤ ਠੱਗਣ ਦਾ ਯਤਨ ਕਰ ਰਹੀ ਹੈ ਕੇਂਦਰ ਸਰਕਾਰ : ਜਾਖੜ

Friday, Jun 26, 2020 - 01:05 AM (IST)

ਹੁਸ਼ਿਆਰਪੁਰ,(ਘੁੰਮਣ)- ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਾਜ਼ਿਸ਼ ਤਹਿਤ ਕਿਸਾਨਾਂ ਨੂੰ ਠੱਗਣ ਦਾ ਯਤਨ ਕਰ ਰਹੀ ਹੈ। ਉਹ ਅੱਜ ਹੁਸ਼ਿਆਰਪੁਰ ਦਾਣਾ ਮੰਡੀ 'ਚ ਕਿਸਾਨਾਂ ਨਾਲ ਮਿਲਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜਾਖੜ ਨੇ ਕਿਹਾ ਕਿ ਸਰਕਾਰ ਦੀ ਨੀਅਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਖਤਮ ਕਰਨ ਦੀ ਹੈ ਅਤੇ ਸਰਕਾਰ ਸਾਜ਼ਿਸ਼ ਤਹਿਤ ਇਸ ਨੂੰ ਪੜਾਅਵਾਰ ਤਰੀਕੇ ਨਾਲ ਖਤਮ ਕਰਨ ਵਿਚ ਲੱਗੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੋਰੋਨਾ ਵਾਇਰਸ ਕਾਰਨ ਦੇਸ਼ ਬੰਦ ਹੈ, ਚੀਨ ਨਾਲ ਲੜਾਈ ਦੇ ਅਸਾਰ ਬਣੇ ਹੋਏ ਹਨ ਅਤੇ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ। ਅਜਿਹੇ ਸਮੇਂ ਵਿਚ ਸਰਕਾਰ ਕਾਲਾ ਕਾਨੂੰਨ ਆਰਡੀਨੈਂਸ ਦੇ ਜ਼ਰੀਏ ਲੈ ਕੇ ਆਈ ਹੈ।

ਜਾਖੜ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਜਿਥੇ ਸਾਰਾ ਦੇਸ਼ ਤਾਲਾਬੰਦ ਸੀ ਅਤੇ ਇੰਡਸਟਰੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਸੀ, ਉਦੋਂ ਦੇਸ਼ ਦੇ ਕਿਸਾਨ ਨੇ ਆਮ ਜਨਤਾ ਤੇ ਸਰਕਾਰ ਦਾ ਹੱਥ ਫੜਿਆ ਅਤੇ ਇਹੀ ਇਕ ਅਜਿਹਾ ਵਰਗ ਸੀ ਜੋ ਵਿਰੋਧੀ ਹਾਲਾਤਾਂ ਵਿਚ ਵੀ ਖੜ੍ਹਾ ਰਿਹਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ 1 ਕਰੋੜ 27 ਲੱਖ ਟਨ ਕਿਸਾਨਾਂ ਦੀ ਕਣਕ ਖਰੀਦੀ ਗਈ ਅਤੇ ਕਿਸਾਨਾਂ ਦੀ ਫ਼ਸਲ ਦਾ 26 ਹਜ਼ਾਰ ਕਰੋੜ ਰੁਪਏ ਉਨ੍ਹਾਂ ਨੂੰ ਸਮੇਂ ਸਿਰ ਦਿੱਤਾ ਗਿਆ। ਜਿਸ ਦਿਨ ਇਹ ਖਰੀਦ ਐੱਮ. ਐੱਸ. ਪੀ. 'ਤੇ ਬੰਦ ਹੋ ਗਈ, ਤਾਂ ਪੰਜਾਬ ਦਾ ਕਿਸਾਨ ਮਜ਼ਦੂਰ ਬਣ ਕੇ ਰਹਿ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਕੁਰਸੀ ਦਾ ਡਰ ਸਤਾਅ ਰਿਹਾ ਹੈ, ਕਿਉਂਕਿ ਦੱਬੀ ਜ਼ੁਬਾਨ ਵਿਚ ਉਹ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਪਰ ਜਦੋਂ ਕੇਂਦਰ ਸਰਕਾਰ ਇਹ ਕਾਨੂੰਨ ਲੈ ਕੇ ਆਈ, ਤਾਂ ਸ਼੍ਰੋਮਣੀ ਅਕਾਲੀ ਦਲ ਮੌਨ ਕਿਉਂ ਹੈ। ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਡਾ. ਕੁਲਦੀਪ ਨੰਦਾ, ਦਮਨਦੀਪ ਸਿੰਘ ਬਿੱਲਾ ਜ਼ਿਲਾ ਪ੍ਰਧਾਨ ਯੂਥ ਕਾਂਗਰਸ, ਪਵਿੱਤਰਦੀਪ ਸਿੰਘ ਬਲਾਕ ਯੂਥ ਪ੍ਰਧਾਨ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
 


Deepak Kumar

Content Editor

Related News