ਜਾਖੜ ਨੇ ਕੈਂਪੇਨ ਕਮੇਟੀ ਦੀ ਅੱਜ ਮੁੜ ਸੱਦੀ ਬੈਠਕ, CM ਚੰਨੀ, ਸਿੱਧੂ ਤੇ ਹਰੀਸ਼ ਚੌਧਰੀ ਸਣੇ 21 ਆਗੂ ਹੋਣਗੇ ਸ਼ਾਮਲ
Wednesday, Dec 22, 2021 - 10:41 AM (IST)
ਜਲੰਧਰ (ਧਵਨ)– ਪੰਜਾਬ ਕਾਂਗਰਸ ਕੈਂਪੇਨ ਕਮਟੀ ਦੇ ਚੇਅਰਮੈਨ ਅਤੇ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਕੈਂਪੇਨ ਕਮੇਟੀ ਦੀ ਇਕ ਅਹਿਮ ਬੈਠਕ 22 ਦਸੰਬਰ ਯਾਨੀ ਕਿ ਅੱਜ ਬਾਅਦ ਦੁਪਹਿਰ 3 ਵਜੇ ਦਿੱਲੀ ਵਿਚ ਸੱਦੀ ਹੈ। ਇਸ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਦੀ ਕੈਂਪੇਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਸੁਨੀਲ ਜਾਖੜ ਵੱਲੋਂ ਸੱਦੀ ਗਈ ਇਸ ਬੈਠਕ ਵਿਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾਈ ਇੰਚਾਰਜ ਹਰੀਸ਼ ਚੌਧਰੀ ਸਣੇ 21 ਆਗੂ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ: ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ
ਪਿਛਲੀ ਬੈਠਕ ਜਾਖੜ ਨੇ ਚੰਡੀਗੜ੍ਹ ਵਿਚ ਸੱਦੀ ਸੀ। ਉਸ ਵਿਚ ਕਾਂਗਰਸ ਵੱਲੋਂ ਅਸੈਂਬਲੀ ਚੋਣਾਂ ਨੂੰ ਲੈ ਕੇ ਚਲਾਈ ਜਾਣ ਵਾਲੀ ਮੁਹਿੰਮ ਬਾਰੇ ਚਰਚਾ ਹੋਈ ਸੀ। ਪਿਛਲੀ ਬੈਠਕ ਵਿਚ ਜਾਖੜ ਨੇ ਸੁਝਾਅ ਦਿੱਤਾ ਸੀ ਕਿ ਕਾਂਗਰਸ ਨੂੰ ਆਪਣੀ ਇਕਮੁੱਠਤਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਅਤੇ ਰੈਲੀਆਂ ਵਿਚ ਸਿੱਧੂ ਅਤੇ ਚੰਨੀ ਨੂੰ ਇਕੱਠਿਆਂ ਸ਼ਾਮਲ ਹੋਣਾ ਚਾਹੀਦਾ ਹੈ। ਇਸਦੇ ਬਾਵਜੂਦ ਪਿਛਲੇ ਕੁਝ ਦਿਨਾਂ ਵਿਚ ਹੋਈਆਂ ਚੋਣ ਰੈਲੀਆਂ ਵਿਚ ਸਿੱਧੂ ਮੁੱਖ ਮੰਤਰੀ ਚੰਨੀ ਨਾਲ ਸ਼ਾਮਲ ਨਹੀਂ ਹੋਏ। ਸਿੱਧੂ ਆਪਣੇ ਪੱਧਰ ’ਤੇ ਪ੍ਰਚਾਰ ਕਰ ਰਹੇ ਹਨ ਅਤੇ ਚੰਨੀ ਪਾਰਟੀ ਦੀਆਂ ਚੋਣ ਰੈਲੀਆਂ ਵਿਚ ਹਿੱਸਾ ਲੈ ਰਹੇ ਹਨ। ਬੁੱਧਵਾਰ ਹੋਣ ਵਾਲੀ ਬੈਠਕ ਵਿਚ ਇਸ ਵਿਸ਼ੇ ’ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ।
ਜਾਖੜ ਵੱਲੋਂ ਸੱਦੀ ਗਈ ਬੈਠਕ ਵਿਚ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਕ੍ਰਿਸ਼ਨ ਅਲਾਵਰੂ, ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਚੇਤਨ ਚੌਹਾਨ, ਹਰਸਵਰਨ, ਗੁਰਕੀਰਤ ਸਿੰਘ, ਏ. ਆਈ. ਸੀ. ਸੀ. ਦੇ ਸਕੱਤਰ ਰਮਿੰਦਰ ਆਵਲਾ, ਪੰਜਾਬ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਪਰਗਟ ਸਿੰਘ, ਐੱਮ. ਪੀ. ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਡਾ. ਅਮਰ ਸਿੰਘ, ਮੁਹੰਮਦ ਸਦੀਕ, ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੂਲੋ ਅਤੇ ਅਮਰਪ੍ਰੀਤ ਸਿੰਘ ਲਾਲੀ ਸਾਬਕਾ ਪ੍ਰਧਾਨ ਯੂਥ ਕਾਂਗਰਸ ਨੂੰ ਵੀ ਸੱਦਿਆ ਗਿਆ ਹੈ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਬੈਠਕ ਬਹੁਤ ਅਹਿਮ ਹੋ ਸਕਦੀ ਹੈ ਕਿਉਂਕਿ ਇਸ ਵਿਚ ਸਭ ਸੰਸਦ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਪੰਜਾਬ ਵਿਚ ਕਾਂਗਰਸ ਦੀ ਚੱਲ ਰਹੀ ਮੁਹਿੰਮ ਬਾਰੇ ਆਪਣੇ ਵਿਚਾਰ ਰੱਖਣਗੇ। ਕਾਂਗਰਸ ਹਾਈਕਮਾਨ ਨੇ ਕੈਂਪੇਨ ਕਮੇਟੀ ਦੀ ਵਾਗਡੋਰ ਸੁਨੀਲ ਜਾਖੜ ਨੂੰ ਸੌਂਪੀ ਹੋਈ ਹੈ।
ਇਹ ਵੀ ਪੜ੍ਹੋ: ਜਦੋਂ ਵਿਆਹੁਣ ਆਏ ਲਾੜੇ ਦੇ ਨਾਜਾਇਜ਼ ਸਬੰਧਾਂ ਦਾ ਪ੍ਰੇਮਿਕਾ ਦੇ ਪਤੀ ਨੇ ਖੋਲ੍ਹਿਆ ਭੇਤ, ਹੈਰਾਨ ਕਰੇਗਾ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ