ਸੁਲਤਾਨਪੁਰ ਲੋਧੀ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Saturday, Feb 19, 2022 - 10:28 AM (IST)
ਜਲੰਧਰ (ਵੈੱਬ ਡੈਸਕ) : ਸੁਲਤਾਨਪੁਰ ਲੋਧੀ ਹਲਕਾ ਨੰਬਰ 28 'ਚ ਲਗਾਤਾਰ ਤਿੰਨ ਵਾਰ ਚੋਣ ਜਿੱਤਣ ਵਾਲੀ ਅਕਾਲੀ ਦਲ ਨੂੰ 2012 ਵਿੱਚ ਕਾਂਗਰਸ ਦੇ ਨਵਤੇਜ ਚੀਮਾ ਨੇ ਹਰਾਇਆ ਅਤੇ 2017 ਵਿੱਚ ਮੁੜ ਇਹ ਸੀਟ ਕਾਂਗਰਸ ਦੀ ਝੋਲੀ ਪਈ। ਲਗਾਤਾਰ ਪੰਜ ਚੋਣਾਂ ਲੜਨ ਵਾਲੀ ਬੀਬੀ ਉਪਿੰਦਰਜੀਤ ਕੌਰ ਦੀ ਟਿਕਟ ਕੱਟ ਕੇ ਇਸ ਵਾਰ ਅਕਾਲੀ ਦਲ ਨੇ ਕੈਪਟਨ ਹਰਮਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਕਾਂਗਰਸ ਵੱਲੋਂ ਨਵਤੇਜ ਚੀਮਾ ਮੁੜ ਚੋਣ ਮੈਦਾਨ ਵਿੱਚ ਹਨ।ਪੰਜਾਬ ਦੀਆਂ ਹੌਟ ਸੀਟਾਂ ਵਿੱਚੋਂ ਇਕ ਸੁਲਤਾਨਪੁਰ ਲੋਧੀ ਦਾ ਮੁਕਾਬਲਾ ਇਸ ਕਰਕੇ ਵੀ ਰੌਚਕ ਹੈ ਕਿਉਂਕਿ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਸੱਜਣ ਸਿੰਘ ਚੀਮਾ ਵੀ ਜਿੱਤ ਦੀ ਦਾਅਵੇਦਾਰੀ ਜਤਾਅ ਰਹੇ ਹਨ।
1997
1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਲਤਾਨਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਉਪਿੰਦਰਜੀਤ ਕੌਰ ਚੋਣ ਮੈਦਾਨ ’ਚ ਆਈ ਜਿਨ੍ਹਾਂ ਨੂੰ 47455 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਰਾਜਨਬੀਰ ਸਿੰਘ ਚੋਣ ਮੈਦਾਨ ’ਚ ਸਨ ਜਿਨ੍ਹਾਂ ਨੂੰ 25529 ਵੋਟਾਂ ਮਿਲੀਆ ਸਨ ।
2002
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਬੀ ਉਪਿੰਦਰਜੀਤ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਮੁੜ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਨੂੰ 40485 ਵੋਟਾਂ ਮਿਲੀਆਂ ਸਨ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਫਿਰ ਰਾਜਨਬੀਰ ਸਿੰਘ ਚੋਣ ਮੈਦਾਨ ’ਚ ਆਏ ਜਿਨ੍ਹਾਂ ਨੂੰ 34971 ਵੋਟਾਂ ਨਾਲ ਦੂਜੀ ਵਾਰ ਵੀ ਹਾਰ ਹੀ ਨਸੀਬ ਹੋਈ। ਉਪਿੰਦਰਜੀਤ ਕੌਰ ਨੂੰ 5514 (6.74%) ਵੋਟਾਂ ਦੇ ਵਾਧੂ ਫ਼ਰਕ ਨਾਲ ਜਿੱਤ ਹਾਸਲ ਹੋਈ ਸੀ।
2007
2007 ’ਚ ਲਗਾਤਾਰ ਤੀਸਰੀ ਵਾਰ ਸੁਲਤਾਨਪੁਰ ਤੋਂ ਬੀਬੀ ਉਪਿੰਦਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਮੈਦਾਨ ’ਚ ਆਏ ਅਤੇ ਇਸ ਵਾਰ ਵੀ ਹਲਕੇ ਤੋਂ ਲੋਕਾਂ ਤੋਂ ਅਥਾਹ ਪਿਆਰ ਮਿਲਿਆ। ਉਨ੍ਹਾਂ ਨੂੰ 49363 ਵੋਟਾਂ ਨਾਲ ਜਿੱਤ ਹਾਸਲ ਹੋਈ। ਇਸ ਵਾਰ ਕਾਂਗਰਸ ਵਲੋਂ ਨਵਤੇਜ ਸਿੰਘ ਨੂੰ ਸੁਲਤਾਨਪੁਰ ਲੋਧੀ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਪਰ ਉਨ੍ਹਾਂ ਨੂੰ ਵੀ 38318 ਵੋਟਾਂ ਮਿਲਣ ਕਾਰਨ ਹਾਰ ਦੇਖਣੀ ਪਈ। ਉਪਿੰਦਰਜੀਤ ਕੌਰ ਨੇ 11045 (11.97%) ਵੋਟਾਂ ਦੇ ਵਾਧੂ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ।
2012
2008 ਵਿੱਚ ਹੋਈ ਹੱਦਬੰਦੀ ਮਗਰੋਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਸੁਲਤਾਨਪੁਰ ਵਿਧਾਨ ਸਭਾ ਹਲਕਾ ਨੰਬ-42 ਨੂੰ ਸੁਲਤਾਨਪੁਰ ਲੋਧੀ ਹਲਕਾ ਨੰਬਰ 28 ’ਚ ਤਬਦੀਲ ਕਰ ਦਿੱਤਾ ਗਿਆ ਸੀ। ਕਾਂਗਰਸ ਵੱਲੋਂ ਪਿਛਲੀ ਚੋਣ ਹਾਰ ਚੁੱਕੇ ਨਵਤੇਜ ਸਿੰਘ ਚੀਮਾ ਨੂੰ ਇਸ ਵਾਰ ਸਫ਼ਲਤਾ ਮਿਲੀ। ਉਨ੍ਹਾਂ ਨੇ 47933 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਵਾਰ ਸ਼੍ਰੋਮਣੀ ਅਕਾਲੀ ਵਲੋਂ 1997 ਤੋਂ 2007 ਤੱਕ ਜਿੱਤ ਹਾਸਲ ਕਰਨ ਵਾਲੀ ਬੀਬੀ ਉਪਿੰਦਰਜੀਤ ਕੌਰ ਨੂੰ 43635 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਨਵਤੇਜ ਸਿੰਘ ਚੀਮਾ ਨੇ 4298 (4.33%) ਵਾਧੂ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2017
2017 ’ਚ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ ਦੂਜੀ ਵਾਰ ਜਿੱਤ ਹਾਸਲ ਹੋਈ ਸੀ। ਉਨ੍ਹਾਂ ਨੂੰ 41843 ਵੋਟਾਂ ਨਾਲ ਇਸ ਹਲਕੇ ਦੇ ਲੋਕਾਂ ਨੇ ਜਿਤਾਇਆ ਸੀ। ਉਨ੍ਹਾਂ ਦੇ ਖ਼ਿਲਾਫ਼ ਅਕਾਲੀ ਉਮੀਦਵਾਰ ਉਪਿੰਦਰਜੀਤ ਕੌਰ ਨੂੰ 33681 ਵੋਟਾਂ ਨਾਲ ਦੂਜੀ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ ਸੀ। 2017 ’ਚ ਆਮ ਆਦਮੀ ਪਾਰਟੀ ਵਲੋਂ ਸੱਜਣ ਸਿੰਘ ਚੀਮਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ ਜਿਨ੍ਹਾਂ ਨੂੰ 28017 ਵੋਟਾਂ ਨਾਲ ਤੀਸਰੇ ਨੰਬਰ ’ਤੇ ਟਿਕਣਾ ਪਿਆ ਸੀ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ ਇਕ ਵਾਰ ਮੁੜ ਤੋਂ ਨਵਤੇਜ ਸਿੰਘ ਚੀਮਾ ਨੂੰ ਟਿਕਟ ਦਿੱਤੀ ਹੈ। ਆਮ ਆਦਮੀ ਪਾਰਟੀ ਵਲੋਂ ਅਕਾਲੀ ਦਲ 'ਚ ਜਾਣ ਮਗਰੋਂ ਮੁੜ 'ਆਪ' 'ਚ ਆਉਣ ਵਾਲੇ ਸੱਜਣ ਸਿੰਘ ਚੀਮਾ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਉਪਿੰਦਰਜੀਤ ਦੀ ਟਿਕਟ ਕੱਟ ਕੇ ਕੈਪ. ਹਰਮਿੰਦਰ ਸਿੰਘ ਨੂੰ ਮੌਕਾ ਦਿੱਤਾ ਹੈ, ਸੰਯੁਕਤ ਸਮਾਜ ਮੋਰਚਾ ਨੇ ਹਰਪ੍ਰੀਤਪਾਲ ਸਿੰਘ ਵਿਰਕ ਅਤੇ ਭਾਜਪਾ ਗਠਜੋੜ ’ਚ ਢੀਂਡਸਾ ਦੀ ਪਾਰਟੀ ਵਲੋਂ ਜੁਗਰਾਜਪਾਲ ਸਿੰਘ ਸਾਹੀ ਚੋਣ ਮੈਦਾਨ ’ਚ ਉਤਰੇ ਹਨ। ਇਸ ਹਲਕੇ ਤੋਂ ਕਾਂਗਰਸ ਵੱਲੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਟਿਕਟ ਨਾ ਮਿਲਣ ਕਾਰਨ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 148094 ਹੈ, ਜਿਨ੍ਹਾਂ ’ਚ ਪੁਰਸ਼ਾਂ ਦੀ ਗਿਣਤੀ 69628, ਔਰਤਾਂ ਦੀ 78464 ਅਤੇ ਥਰਡ ਜੈਂਡਰ ਦੀ ਗਿਣਤੀ 2 ਹੈ।