550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੇ ਸਵਾਗਤ ਲਈ ਕਪੂਰਥਲਾ 'ਚ ਲੱਗਣਗੇ 25 ਗੇਟ

10/13/2019 2:20:38 PM

ਸੁਲਤਾਨਪੁਰ ਲੋਧੀ (ਸੋਢੀ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁੰਦਰੀਕਰਨ ਯੋਜਨਾ ਤਹਿਤ ਇਸ ਇਤਿਹਾਸਕ ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਚੌਕਾਂ 'ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਕਹਿਣ ਲਈ  25 ਸਵਾਗਤੀ ਗੇਟ ਲਗਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਕਪੂਰਥਲਾ ਇੰਜ.ਡੀ.ਪੀ.ਐੱਸ. ਖਰੰਬਦਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲੇ ਭਰ 'ਚ ਸੁਲਤਾਨਪੁਰ ਲੋਧੀ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਤੇ ਚੌਂਕਾਂ ਦੀ ਅਗਾਉਂ ਤਸਦੀਕ ਕਰਕੇ ਸਵਾਗਤੀ ਗੇਟ ਲਾਉਣ ਦਾ ਕੰਮ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 16 ਅਕਤੂਬਰ ਤੱਕ ਸਾਰੇ ਗੇਟ ਸਥਾਪਿਤ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਗੇਟਾਂ ਦੀ ਉਚਾਈ ਲਗਭਗ 20 ਫੁੱਟ ਜਦਕਿ ਚੌੜਾਈ 40 ਫੁੱਟ ਦੇ ਕਰੀਬ ਰੱਖੀ ਗਈ ਹੈ ਤਾਂ ਜੋ ਆਵਾਜਾਈ 'ਚ ਕਿਸੇ ਕਿਸਮ ਦੀ ਦਿਕਤ ਪੇਸ਼ ਨਾ ਆਵੇ।

ਉਨ੍ਹਾਂ ਦੱਸਿਆ ਕਿ ਕਪੂਰਥਲਾ -ਸੁਲਤਾਨਪੁਰ ਲੋਧੀ ਰੋਡ ਬਰਾਸਤਾ ਫੱਤੂਢੀਂਗਾ 'ਤੇ ਜਹਾਂਗੀਰਪੁਰ, ਖੀਰਾਂਵਾਲੀ, ਉੱਚਾ, ਫੱਤੂਢੀਂਗਾ, ਤਲਵੰਡੀ ਚੌਧਰੀਆਂ,  ਮੇਵਾ ਸਿੰਘ ਵਾਲਾ, ਸ਼ਾਲਾਪੁਰ ਬੇਟ, ਸੂਜੋਕਾਲੀਆ, ਮੁੰਡੀ ਮੋੜ 'ਤੇ ਸਵਾਗਤੀ ਗੇਟ ਲਗਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸੁਲਤਾਨਪੁਰ ਲੋਧੀ-ਕਪੂਰਥਲਾ ਸੜਕ ਬਰਾਸਤਾ ਰੇਲ ਕੋਚ ਫੈਕਟਰੀ ਉੱਪਰ ਝੱਲ ਲੇਈ ਵਾਲਾ, ਡਡਵਿੰਡੀ, ਕੜਾਹਲ ਨੌਂ ਆਬਾਦ, ਕੜਾਹਲ ਕਲਾਂ, ਭਾਣੋਲੰਗਾ ਪਿੰਡਾਂ ਸਾਹਮਣੇ ਸਵਾਗਤੀ ਗੇਟ ਲਗਾਏ ਜਾ ਰਹੇ ਹਨ।

ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਤੋਂ ਸੁਲਤਾਨਪੁਰ ਲੋਧੀ ਰੋਡ ਉੱਪਰ ਅੰਮ੍ਰਿਤਪੁਰ, ਮਲਸੀਆਂ-ਲੋਹੀਆਂ ਤੋਂ ਸੁਲਤਾਨਪੁਰ ਲੋਧੀ ਰੋਡ ਉੱਪਰ ਤਾਸ਼ਪੁਰ, ਲੋਹੀਆਂ-ਸੁਲਤਾਨਪੁਰ ਲੋਧੀ ਰੋਡ ਉੱਪਰ ਪਿੰਡ ਦੀਪੇਵਾਲ, ਰੇਲ ਕੋਚ ਫੈਕਟਰੀ-ਤਲਵੰਡੀ ਚੌਧਰੀਆਂ ਰੋਡ ਉੱਪਰ ਪਿੰਡ ਮਿੱਠੜਾ, ਫਗਵਾੜਾ -ਜਲੰਧਰ ਰੋਡ ਉੱਪਰ ਖਜੂਰਲਾ, ਕਪੂਰਥਲਾ-ਜਲੰਧਰ ਸੜਕ ਉੱਪਰ ਵਡਾਲਾ ਕਲਾਂ, ਸੁਭਾਨਪੁਰ -ਕਪੂਰਥਲਾ ਸੜਕ 'ਤੇ ਪਿੰਡ ਬੂਟ, ਨਡਾਲਾ-ਢਿੱਲਵਾਂ ਸੜਕ ਉੱਪਰ ਚੱਕੋਕੀ ਤੇ ਸੰਗੋਵਾਲ ਅਤੇ ਢਿੱਲਵਾਂ-ਉੱਚਾ ਸੜਕ ਉੱਪਰ ਪਿੰਡ ਭੰਡਾਲ ਬੇਟ ਵਿਖੇ ਵੀ ਸਵਾਗਤੀ ਗੇਟ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਵਾਗਤੀ ਗੇਟਾਂ  ਉੱਪਰ ਇਕ ਫਲੈਕਸ ਵੀ ਲਗਾਈ ਗਈ ਹੈ, ਜਿਸ ਉੱਪਰ ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਾਰੀ ਲੋਗੋ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।


Shyna

Content Editor

Related News