45 ਟਨ ਦੇਸ਼-ਵਿਦੇਸ਼ ਦੇ ਫੁੱਲਾਂ ਨਾਲ ਮਹਿਕੇਗਾ ਗੁਰਦੁਆਰਾ ਸ੍ਰੀ ਬੇਰ ਸਾਹਿਬ

10/21/2019 11:38:20 AM

ਸੁਲਤਾਨਪੁਰ ਲੋਧੀ (ਧੀਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਫੁੱਲਾਂ ਦੀ ਸਜਾਵਟ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇਗੀ। ਵੱਖ-ਵੱਖ ਤਰ੍ਹਾਂ ਦੇ ਵਿਦੇਸ਼ੀ ਤੇ ਦੇਸੀ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫੁੱਲਾਂ ਦੀ ਸੇਵਾ ਨਿਭਾ ਰਹੀ ਪਰਿਕਰਮਾ ਸੇਵਾ ਸੋਸਾਇਟੀ ਦੇ ਪ੍ਰਮੁੱਖ ਸਮੁੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਐੱਸ. ਜੀ. ਪੀ. ਸੀ. ਰਾਹੀਂ ਇਹ ਸੇਵਾ ਸਾਡੇ ਹਿੱਸੇ ਆਈ ਹੈ। ਉਨ੍ਹਾਂ ਦੱਸਿਆ ਕਿ ਕਰੀਬ 15 ਸਾਲਾਂ ਤੋਂ ਲਗਾਤਾਰ ਪਰਿਕਰਮਾ ਸੇਵਾ ਸੋਸਾਇਟੀ ਹਰ ਗੁਰਪੁਰਬ ਮੌਕੇ ਦਰਬਾਰ ਸਾਹਿਬ ਦੀ ਸੇਵਾ ਨਿਭਾਉਂਦੀ ਆ ਰਹੀ ਹੈ ਪਰ ਇਸ ਵਾਰ ਪੂਰੇ ਗੁਰਦੁਆਰਾ ਸਾਹਿਬ ਜਿਸ 'ਚ ਪਰਿਕਰਮਾ, ਭੋਰਾ ਸਾਹਿਬ, ਸ੍ਰੀ ਬੇਰੀ ਸਾਹਿਬ, ਦੀਵਾਨ ਹਾਲ ਦੋਵੇਂ ਦਰਸ਼ਨ ਡਿਓਢੀਆਂ, ਲੰਗਰ ਹਾਲ ਸਮੇਤ ਪੂਰੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 45 ਟਨ ਤੋਂ ਵੱਧ 50 ਕਿਸਮਾਂ ਦੇ ਫੁੱਲ ਲਗਾਏ ਜਾਣਗੇ। ਫੁੱਲ ਲਗਾਉਣ ਦੀ ਆਰੰਭਤਾ 7 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਜੋ ਮੁੱਖ ਸਮਾਗਮ ਤੋਂ ਪਹਿਲਾਂ ਹੀ ਸੰਪੂਰਨ ਕਰ ਲਈ ਜਾਵੇਗੀ।
PunjabKesari
ਇਥੋਂ ਆਉਣਗੇ ਫੁੱਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਕਰਮਾ ਸੇਵਾ ਸੋਸਾਇਟੀ ਦੇ ਪ੍ਰਮੁੱਖ ਸਮੁੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਦੇਸ਼-ਵਿਦੇਸ਼ ਤੋਂ ਮੰਗਵਾਏ ਜਾ ਰਹੇ ਫੁੱਲਾਂ 'ਚ ਆਰਕਿਡ, ਲਿਲੀ, ਟਾਈਗਰ ਆਰਕਿਡ, ਸੋਨ ਚੰਪਾ, ਗੁਲਾਬ, ਸਟਾਰ ਮੈਰੀਗੋਲਡ, ਜਰਬਰਾ, ਐਲਕੋਨੀਆ, ਐਨਬੋਨੀਅਮ, ਹਾਈਡੇਂਜਰ ਆਦਿ ਵਿਸ਼ੇਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਫੁੱਲ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਕਲਕੱਤਾ, ਕੇਰਲ, ਬੈਂਗਲੌਰ ਤੋਂ ਇਲਾਵਾ ਵਿਦੇਸ਼ਾਂ ਤੋਂ ਜਿਨ੍ਹਾਂ 'ਚ ਹਾਲੈਂਡ, ਸਵਿਟਜ਼ਰਲੈਂਡ, ਬੈਂਕਾਕ ਆਦਿ ਤੋਂ ਮੰਗਵਾਏ ਗਏ ਹਨ।

125 ਕਾਰੀਗਰਾਂ ਨਾਲ 40 ਸੇਵਾਦਰ ਕਰਨਗੇ ਸਜਾਵਟ
ਪ੍ਰਕਾਸ਼ ਪੁਰਬ ਮੌਕੇ ਪਾਵਨ ਨਾਗਰੀ 'ਚ ਗੁ. ਸ੍ਰੀ ਬੇਰ ਸਾਹਿਬ ਵਿਖੇ ਵੱਖ-ਵੱਖ ਪ੍ਰਕਾਰ ਦੇ ਵਦੇਸ਼ੀ ਫੁੱਲਾਂ ਦੀ ਸਜਾਵਟ ਲਈ 125 ਕਾਰੀਗਰਾਂ ਤੋਂ ਇਲਾਵਾ 40 ਸੇਵਾਦਰ ਵੀ ਸੇਵਾ ਕਰਨਗੇ। ਇਸ ਦੌਰਾਨ ਫੁੱਲਾਂ ਨੂੰ ਡਿਜਾਈਨ ਕਰਨ ਦੇ ਮਾਹਿਰ ਅਲੀਗਮ ਪਾਤਰਾ ਜੀ ਵੀ ਕਲਕੱਤਾ (ਪੱਛਮੀ ਬੰਗਾਲ) ਤੋਂ ਵਿਸ਼ੇਸ਼ ਰੂਪ 'ਚ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਪਹਿਲਾਂ ਗੋਲਡਨ ਟੈਂਪਲ ਅੰਮ੍ਰਿਤਸਰ, ਮਾਂ ਵੈਸ਼ਨੋ ਦੇਵੀ, ਸਿੱਧੀ ਵਿਨਾਇਕ ਮੰਦਰ, ਅਕਸ਼ਰਧਾਮ, ਵਰਿੰਦਾਵਨ, ਬਾਂਕੇ ਬਿਹਾਰੀ, ਇਸਕਾਨ ਟੈਂਪਲ, ਕਾਲੀ ਮਾਤਾ ਮੰਦਰ ਵਰਗੇ ਪ੍ਰਸਿੱਧ ਧਾਰਮਿਕ ਸਥਾਨਾਂ 'ਤੇ ਸੇਵਾ ਕਰਨ ਦਾ ਹੁਨਰ ਪ੍ਰਾਪਤ ਹੈ।
PunjabKesari
ਸੈਲਫੀ ਲਈ ਬਣੇਗੀ ਫੁੱਲਾਂ ਦੀ ਦੀਵਾਰ
ਸਮੁੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਵੀਂ ਪੀੜ੍ਹੀ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਇਕ ਦੀਵਾਰ ਫੁੱਲਾਂ ਨਾਲ ਸਜਾਈ ਜਾਵੇਗੀ, ਜਿਥੇ ਨੌਜਵਾਨ ਸੁੰਦਰ ਫੁੱਲਾਂ ਦੀ ਸਜਾਵਟ ਨਾਲ ਦਰਬਾਰ ਸਾਹਿਬ ਵਿਖੇ ਸੈਲਫੀ ਵੀ ਲੈ ਸਕਣਗੇ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਸੇਵਾ 'ਚ ਕੋਈ ਵੀ ਐੱਨ. ਆਰ. ਆਈ. ਜਾਂ ਵੀਰ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਗੁਰਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਹਨ, ਜਿਨ੍ਹਾਂ ਦੇ ਪੁੱਜਣ 'ਤੇ ਫੁੱਲਾਂ ਦੀ ਸਜਾਵਟ ਆਕਰਸ਼ਨ ਬਣੇਗੀ।


Baljeet Kaur

Content Editor

Related News