ਸੁਲਤਾਨਪੁਰ ਲੋਧੀ ''ਚ ''ਆਤਿਸ਼ਬਾਜ਼ੀ ਅਤੇ ਪਟਾਕੇ ਬੈਨ''
Friday, Oct 25, 2019 - 01:46 PM (IST)
ਸੁਲਤਾਨਪੁਰ ਲੋਧੀ (ਸੋਢੀ) : ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਵਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸ਼ਹਿਰ ਦੀ ਹਦੂਦ ਅੰਦਰ ਤੇ ਮਿਉਂਸੀਪਲ ਕਮੇਟੀ ਦੀ ਹਦੂਦ ਦੇ ਬਾਹਰ 20 ਕਿਲੋਮੀਟਰ ਦੇ ਖੇਤਰ 'ਚ 24 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਪਟਾਕੇ ਅਤੇ ਅਤਿਸ਼ਬਾਜ਼ੀ ਚਲਾਉਣ 'ਤੇ ਸਖਤੀ ਨਾਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਡਾਕਟਰ ਚਾਰੂਮਿਤਾ ਪੀ.ਸੀ.ਐੱਸ, ਐੱਸ. ਡੀ. ਐੱਮ. ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜਾ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਜਿਸ ਸੰਬੰਧੀ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਟੈਂਟ ਸਿਟੀ ਆਦਿ ਬਣਾਏ ਗਏ ਹਨ । ਇਸ ਤੋਂ ਇਲਾਵਾ ਦੀਵਾਲੀ ਦਾ ਦਿਹਾੜਾ ਵੀ ਆ ਗਿਆ ਹੈ ਅਤੇ ਚਲਾਈ ਗਈ ਆਤਿਸ਼ਬਾਜੀ ਤੇ ਵੱਡੇ ਪਟਾਕਿਆਂ ਆਦਿ ਨਾਲ ਅੱਗ ਲੱਗਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ ਅਤੇ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ ।ਆਮ ਜਨਤਾ ਨੂੰ ਇਸ ਹੁਕਮ ਦੀ ਪਾਲਣਾ ਕਰਨ ਲਈ ਸ਼ਹਿਰ ਦੇ ਆਲੇ ਦੁਆਲੇ ਇਹਨਾਂ ਹੁਕਮਾਂ ਦੇ ਪੋਸਟਰ ਲਗਾਏ ਜਾ ਰਹੇ ਹਨ ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਬੀਤੀ ਰਾਤ ਇੱਥੇ ਪੂਡਾ ਕਾਲੌਨੀ ਨੇੜੇ ਬੀਤੇ ਦਿਨ ਟੈਂਟ ਸਿਟੀ 'ਚ ਅੱਗ ਲੱਗ ਗਈ ਸੀ, ਜਿਸ ਨਾਲ ਭਗਦੜ ਮੱਚ ਗਈ ਸੀ ਤੇ ਟੈਂਟ ਦੇ ਬਣਾਏ ਦੋ ਵੱਡੇ ਹਾਲ ਸੜ ਗਏ ਸਨ। ਜਿਸ ਕਾਰਨ ਪਾਬੰਦੀ ਦੇ ਇਹ ਹੁਕਮ 30 ਨਵੰਬਰ ਤੱਕ ਜਾਰੀ ਰਹਿਣਗੇ ।