ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਨੇ ਅਪਣਾਏ ਬਾਗੀ ਸੁਰ

Monday, Jul 30, 2018 - 11:38 AM (IST)

ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਸੁਖਪਾਲ ਸਿੰਘ ਖਹਿਰਾ ਨੇ ਅਪਣਾਏ ਬਾਗੀ ਸੁਰ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)— ਪੰਜਾਬ 'ਚ ਆਮ ਪਾਰਟੀ ਦੇ ਝਾੜੂ ਦੀਆਂ ਤੀਲਾਂ ਖਿੰਡਣੀਆਂ ਸ਼ੁਰੂ ਹੋ ਗਈਆਂ ਹਨ। ਆਮ ਪਾਰਟੀ ਵਲੋਂ ਹਟਾਏ ਗਏ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਜ਼ਿਲਾ ਬਰਨਾਲਾ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਵੀ ਪਾਰਟੀ 'ਚ ਖੁੱਲ੍ਹ ਕੇ ਧੜੇਬੰਦੀ ਦੇਖਣ ਨੂੰ ਮਿਲੀ। ਉਨ੍ਹਾਂ ਨਾਲ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਅਤੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਤਾਂ ਹਾਜ਼ਰ ਸਨ ਪਰ ਬਰਨਾਲਾ ਦੇ ਵਿਧਾਇਕ ਗੁਰਮੀਤ ਮੀਤ ਹੇਅਰ ਅਤੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਗੈਰ ਹਾਜ਼ਰ ਸਨ।
ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਪਾਰਟੀ ਨਾਲ ਇਸ ਲਈ ਜੁੜੇ ਸਨ ਕਿ ਇਹ ਆਮ ਲੋਕਾਂ ਦੀ ਪਾਰਟੀ ਹੈ। ਇਸ ਵਿਚ ਆਮ ਲੋਕਾਂ ਦੀ ਅਤੇ ਵਰਕਰਾਂ ਦੀ ਗੱਲ ਸੁਣੀ ਜਾਵੇਗੀ ਪਰ ਆਮ ਪਾਰਟੀ ਦਾ ਰਿਮੋਟ ਕੰਟਰੋਲ ਦਿੱਲੀ 'ਚ ਹੀ ਰਹਿ ਗਿਆ ਹੈ। ਮੈਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਦੀ ਖਬਰ ਟਵਿਟਰ ਰਾਹੀਂ ਹੀ ਮਿਲੀ ਅਤੇ ਇਸ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸੁਚਿਤ ਕੀਤਾ ਗਿਆ ਕਿ ਸਾਡੇ ਵਲੋਂ ਵਿਰੋਧੀ ਧਿਰ ਦੇ ਆਗੂ ਨੂੰ ਬਦਲ ਦਿੱਤਾ ਗਿਆ ਹੈ। ਮੈਨੂੰ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਜੇਕਰ ਸਰਕਾਰ ਨੇ ਦਰਜਾਚਾਰ ਕਰਮਚਾਰੀ ਨੂੰ ਵੀ ਹਟਾਉਣਾ ਹੁੰਦਾ ਹੈ ਤਾਂ ਉਸ ਨੂੰ ਨੋਟਿਸ ਦਿੱਤਾ ਜਾਂਦਾ ਹੈ। ਜੇਕਰ ਮੈਨੂੰ ਹਟਾਉਣਾ ਹੀ ਸੀ ਤਾਂ ਮੈਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ ਜਾਂ ਮੈਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ। ਮੈਨੂੰ ਹਟਾਉਣ ਲਈ ਤਿੰਨ ਵਿਧਾਇਕਾਂ ਨੂੰ ਦਿੱਲੀ ਵਿਖੇ ਬੁਲਾਇਆ ਗਿਆ। ਉਥੇ ਉਨ੍ਹਾਂ ਤੋਂ ਦਸਤਖਤ ਕਰਵਾ ਕੇ ਬਾਕੀ ਵਿਧਾਇਕਾਂ ਨੂੰ ਵਟਸਅਪ 'ਤੇ ਚਿੱਠੀਆਂ ਭੇਜੀਆਂ ਗਈਆਂ ਅਤੇ ਉਸ ਉਪਰ ਦਸਤਖਤ ਕਰਕੇ ਵਾਪਸ ਭੇਜਣ ਲਈ ਕਿਹਾ ਗਿਆ। ਮੇਰੇ ਕੋਲ ਦੋ ਹੀ ਰਸਤੇ ਬਚਦੇ ਸਨ ਜਾਂ ਤਾਂ ਮੈਂ ਇਸ ਬੇਇੰਸਾਫੀ ਨੂੰ ਸਹਿ ਲੈਂਦਾ ਜਾਂ ਗੁਰੂਆਂ ਵਾਂਗ ਇਸ ਜੁਲਮ ਵਿਰੁੱਧ ਲੜਾਈ ਲੜਦਾ, ਤਾਂ ਮੈਂ ਇਸ ਜੁਲਮ ਦੇ ਵਿਰੁੱਧ ਲੜਾਈ ਲੜਨ ਦਾ ਫੈਸਲਾ ਕੀਤਾ। ਪਹਿਲਾਂ ਤਾਂ ਮੈਂ ਵਿਰੋਧੀ ਧਿਰ ਦਾ ਆਗੂ ਸੀ ਹੁਣ ਮੈਂ ਲੋਕਾਂ ਦਾ ਆਗੂ ਬਣ ਗਿਆ ਹਾਂ। ਜੇਕਰ ਮੈਂ ਪੰਜਾਬ ਦੇ ਮਸਲਿਆਂ ਨੂੰ ਵਿਧਾਨ ਸਭਾ 'ਚ ਉਠਾਉਣਾ ਚਾਹੁੰਦਾ ਸੀ ਜਿਸ ਤਰ੍ਹਾਂ ਨਸ਼ੇ ਦੀ ਤਸਕਰੀ, ਰੇਤ ਮਾਫ਼ੀਆ, ਪਾਣੀ ਦੇ ਮਸਲੇ ਤਾਂ ਹਾਈਕਮਾਂਡ ਵਲੋਂ ਸਾਨੂੰ ਇਹ ਮਸਲੇ ਉਠਾਉਣ ਤੋਂ ਰੋਕਿਆ ਜਾਂਦਾ ਸੀ। ਜਿਸ ਕਰਕੇ ਮੈਂ ਆਪਣੇ ਆਪ 'ਚ ਘੁਟਣ ਮਹਿਸੂਸ ਕਰ ਰਿਹਾ ਸੀ। 2 ਅਗਸਤ ਨੂੰ ਬਠਿੰਡਾ ਵਿਖੇ ਸਾਡੇ ਵਲੋਂ ਇਕ ਵਿਸ਼ਾਲ ਰੈਲੀ ਰੱਖੀ ਗਈ ਹੈ। ਇਸ ਰੈਲੀ 'ਚ ਅਸੀਂ ਸਾਰੇ ਵਰਕਰਾਂ ਨੂੰ ਆਉਣ ਦਾ ਸੱਦਾ ਦਿੱਤਾ ਹੈ।
ਵਿਰੋਧੀ ਧਿਰ ਦਾ ਆਗੂ ਬਦਲਣ ਲਈ ਸਾਥੋਂ ਨਹੀਂ ਲਈ ਗਈ ਸਲਾਹ: ਵਿਧਾਇਕ ਧੌਲਾ—
ਭਦੌੜ ਦੇ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਦਾ ਆਗੂ ਬਦਲਣ ਲਈ ਪਾਰਟੀ ਹਾਈਕਮਾਂਡ ਨੇ ਸਾਥੋਂ ਕੋਈ ਸਲਾਹ ਨਹੀਂ ਲਈ। ਜੇਕਰ ਅਸੀਂ ਪੰਜਾਬ ਦੇ ਹਿੱਤਾਂ ਲਈ ਕੋਈ ਆਵਾਜ਼ ਬੁਲੰਦ ਕਰਨੀ ਚਾਹੁੰਦੇ ਸੀ ਤਾਂ ਸਾਡੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ। ਇਸੇ ਤਰ੍ਹਾਂ ਨਾਲ ਮੌੜ ਮੰਡੀ ਦੇ ਵਿਧਾਇਕ ਜਗਦੇਵ ਸਿੰਘ ਨੇ ਕਿਹਾ ਕਿ ਪਾਰਟੀ ਲੋਕਤੰਤਰ ਨਹੀਂ ਅਪਣਾ ਰਹੀ ਹੈ। ਲੋਕਾਂ ਦੀ ਆਵਾਜ਼ ਨੂੰ ਦਬਾ ਕੇ ਵਿਰੋਧੀ ਧਿਰ ਦਾ ਆਗੂ ਬਦਲਿਆ ਗਿਆ ਹੈ। ਅਸੀਂ ਇਸ ਫੈਸਲੇ ਖਿਲਾਫ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ।
ਗੈਰ ਹਾਜ਼ਰ ਵਿਧਾਇਕਾਂ ਖਿਲਾਫ ਭੜਾਸ—
ਸਟੇਜ਼ ਤੋਂ ਬਰਨਾਲਾ ਦੇ ਵਿਧਾਇਕ ਗੁਰਮੀਤ ਮੀਤ ਹੇਅਰ ਅਤੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਖਿਲਾਫ ਕੁਝ ਵਰਕਰਾਂ ਨੇ ਆਪਣੀ ਭੜਾਸ ਵੀ ਕੱਢੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇੱਥੇ ਆਉਣ ਤੋਂ ਵਿਧਾਇਕਾਂ ਵਲੋਂ ਰੋਕਿਆ ਗਿਆ। ਮਹਿਲ ਕਲਾਂ ਦੇ ਆਮ ਪਾਰਟੀ ਦੇ ਇਕ ਵਰਕਰ ਨੇ ਸਟੇਜ਼ ਤੋਂ ਬੋਲਦਿਆਂ ਕਿਹਾ ਕਿ ਜਦੋਂ ਅਸੀਂ ਅੱਜ ਬਰਨਾਲਾ ਲਈ ਆ ਰਹੇ ਸੀ ਤਾਂ ਵਿਧਾਇਕ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਬਰਨਾਲਾ ਵਿਖੇ ਸੁਖਪਾਲ ਸਿੰਘ ਖਹਿਰਾ ਨੂੰ ਨਹੀਂ ਮਿਲਣ ਜਾਣਾ। ਇਸੇ ਤਰ੍ਹਾਂ ਨਾਲ ਧਨੌਲਾ ਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਸੁਰਿੰਦਰਪਾਲ ਬਾਲਾ ਨੇ ਭੜਾਸ ਕੱਢਦਿਆਂ ਕਿਹਾ ਕਿ ਲੋਕਾਂ ਨੇ ਹੀ ਵਿਧਾਇਕ ਬਣਾਉਣਾ ਹੁੰਦਾ ਹੈ। ਅਸੀਂ ਧਨੌਲੇ 'ਚੋਂ ਭਾਰੀ ਵੋਟਾਂ 'ਤੇ ਜਿੱਤ ਦੁਆਈ ਪਰ ਹੁਣ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ। ਇਸ ਮੌਕੇ 'ਤੇ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਕਾਲਾ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਬਰਾੜ, ਆਮ ਪਾਰਟੀ ਬਰਨਾਲਾ ਦੇ ਪ੍ਰਧਾਨ ਓਮ ਪ੍ਰਕਾਸ਼, ਸੂਰਤ ਬਾਜਵਾ ਆਦਿ ਹਾਜ਼ਰ ਸਨ।
ਕੀ ਕਹਿੰਦੇ ਹਨ ਵਿਧਾਇਕ—
ਇਸ ਸੰਬੰਧੀ ਜਦੋਂ ਹਲਕਾ ਮਹਿਲਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੌਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਨਾ ਤਾਂ ਅੱਜ ਕੋਈ ਪਾਰਟੀ ਦੀ ਮੀਟਿੰਗ ਸੀ ਤੇ ਨਾ ਹੀ ਮੈਨੂੰ ਕਿਸੇ ਦੇ ਨਿੱਜੀ ਸਮਾਗਮ ਵਿਚ ਜਾਣ ਦਾ ਕੋਈ ਸੱਦਾ ਮਿਲਿਆ ਸੀ ਤੇ ਨਾ ਹੀ ਮੈਂ ਕਿਸੇ ਵਰਕਰ ਨੂੰ ਕਿਧਰੇ ਜਾਣ ਤੋਂ ਰੋਕਿਆ ਹੈ। ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਹੀ ਨਹੀਂ ਚੁਕਿਆ।


Related News