ਕਿਸਾਨੀ ਮਸਲੇ ''ਤੇ ਰਲੇ ਹੋਏ ਨੇ ਭਾਜਪਾਈ ਅਤੇ ਕਾਂਗਰਸੀ : ਖਹਿਰਾ
Sunday, Mar 04, 2018 - 07:25 AM (IST)

ਚੀਮਾ ਮੰਡੀ(ਗੋਇਲ)— ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਵੱਲੋਂ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰ ਤੋਂ ਮੰਨਵਾਉਣ ਲਈ ਕਸਬੇ ਦੀ ਅਨਾਜ ਮੰਡੀ ਵਿਚ ਲਾਏ ਗਏ ਪੱਕੇ ਮੋਰਚੇ ਦੌਰਾਨ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੱਤਾ ਦਾ ਸੁੱਖ ਮਾਣ ਰਹੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਕਿਸਾਨੀ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਕਿ ਅਤਿ-ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਕਿਸਾਨ ਸ਼ਾਂਤਮਈ ਤਰੀਕੇ ਨਾਲ ਆਪਣਾ ਵਾਅਦਾ ਯਾਦ ਕਰਵਾਉਣ ਲਈ ਦਿੱਲੀ ਜਾ ਰਹੇ ਸਨ ਪਰ ਉਨ੍ਹਾਂ ਨੂੰ ਸਖਤੀ ਨਾਲ ਰੋਕਣਾ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲੇ ਹੋਣ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਉਝ ਤਾਂ ਕਾਂਗਰਸ ਅਤੇ ਭਾਜਪਾ ਇਕ ਦੂਜੇ ਦੇ ਸਿਆਸੀ ਦੁਸ਼ਮਣ ਹਨ ਪਰ ਕਿਸਾਨੀ ਮਸਲੇ 'ਤੇ ਇਹ ਰਲੇ ਹੋਏ ਹਨ, ਜਿਸਦੀ ਪ੍ਰਤੱਖ ਉਦਾਹਰਣ 22 ਫਰਵਰੀ ਨੂੰ ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਲੀ ਜਾਣੋਂ ਰੋਕਣਾ ਹੈ। ਖਹਿਰਾ ਨੇ ਕਿਹਾ ਕਿ ਉਹ ਵਿਧਾਨ ਸਭਾ 'ਚ ਇਸ ਮਸਲੇ ਨੂੰ ਜ਼ੋਰ ਸ਼ੋਰ ਨਾਲ ਉਠਾਉਣਗੇ। ਇਸ ਮੌਕੇ ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਆਪਣਾ ਸੂਬਾ ਪੱਧਰੀ ਐਕਸ਼ਨ 6 ਫਰਵਰੀ ਨੂੰ ਚੀਮਾ ਮੰਡੀ ਵਿਖੇ ਹੀ ਕਰਨਗੇ, ਜਿਸ ਦੌਰਾਨ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ, ਭਦੌੜ ਤੋਂ ਪਿਰਮਲ ਸਿੰਘ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।