ਸਿੱਧੂ ਕਾਂਗਰਸ ਨੂੰ ਛੱਡ ਕੇ ''ਆਪ'' ''ਚ ਜਾਣ ਦੀ ਗਲਤੀ ਨਹੀਂ ਕਰਨਗੇ: ਖਹਿਰਾ
Tuesday, Mar 03, 2020 - 07:15 PM (IST)

ਕਪੂਰਥਲਾ (ਮਹਾਜਨ)— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਵਰਗੀ ਪੁਰਾਣੀ ਪਾਰਟੀ ਨੂੰ ਛੱਡ ਕੇ 'ਆਪ' 'ਚ ਜਾਣ ਦੀ ਕੋਈ ਗਲਤੀ ਨਹੀਂ ਕਰਨਗੇ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦੇ ਕੀਤਾ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਵਾਰ-ਵਾਰ ਨਵਜੋਤ ਸਿੰਘ ਸਿੱਧੂ ਦੇ 'ਆਪ' 'ਚ ਸ਼ਾਮਲ ਹੋਣ ਬਾਰੇ ਬਿਆਨ ਨੂੰ ਇਹ ਕਹਿ ਕੇ ਖਾਰਿਜ ਕਰ ਦਿੱਤਾ ਕਿ ਸਿੱਧੂ 'ਆਪ' 'ਚ ਕਦੀ ਵੀ ਨਹੀਂ ਜਾਣਗੇ। ਇਥੇ ਦੱਸ ਦੇਈਏ ਕਿ 'ਆਪ' ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ 'ਆਪ' 'ਚ ਸ਼ਾਮਲ ਹੁੰਦੇ ਹਨ ਤਾਂ ਉਹ ਖੁਦ ਉਨ੍ਹਾਂ ਦਾ ਪਾਰਟੀ 'ਚ ਆਉਣ 'ਤੇ ਸੁਆਗਤ ਕਰਨਗੇ। ਉਥੇ ਹੀ ਖਹਿਰਾ ਨੇ ਪੰਜਾਬ ਦੀ ਆਰਥਿਕ ਹਾਲਤ ਲਈ ਕਾਂਗਰਸ ਅਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘੱਟ ਗਿਣਤੀ ਨੂੰ ਸੁਰੱਖਿਅਤ ਰੱਖਣ ਦੇ ਬਿਆਨ 'ਤੇ ਇਹ ਕਹਿ ਕੇ ਪਲਟ ਵਾਰ ਕੀਤਾ ਕਿ ਜਦੋਂ ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਈ ਗਈ ਸੀ, ਉਦੋਂ ਬਾਦਲ ਨੂੰ ਘੱਟ ਗਿਣਤੀ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਬਾਦਲ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਇਸ ਮੁੱਦੇ 'ਚ ਵਾਰ-ਵਾਰ ਰੰਗ ਨਾ ਬਦਲਣ। ਜੇ ਉਨ੍ਹਾਂ ਦਾ ਸੱਚ 'ਚ ਇਸ ਮੁੱਦੇ 'ਤੇ ਸਟੈਂਡ ਹੈ ਤਾਂ ਉਹ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿਵਾਉਣ।