ਭਾਰਤ ਭੂਸ਼ਣ ਆਸ਼ੂ ਨੂੰ ਅਹੁਦੇ ਤੋਂ ਕੀਤਾ ਜਾਵੇ ਬਰਖਾਸਤ: ਖਹਿਰਾ

02/28/2019 6:32:45 PM

ਲੁਧਿਆਣਾ (ਨਰਿੰਦਰ)— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ 'ਚ ਲੁਧਿਆਣਾ ਸਥਿਤ ਕੋਚਰ ਮਾਰਕਿਟ ਚੌਕ 'ਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪਾਰਟੀ ਦੇ ਨੇਤਾਵਾਂ ਨੇ ਡੀ. ਐੱਸ. ਪੀ. ਨੂੰ ਕਥਿਤ ਤੌਰ 'ਤੇ ਧਮਕੀ ਦੇਣ ਦੇ ਮਾਮਲੇ 'ਚ ਕੈਬਨਿਟ ਮੰਤਰੀ ਆਸ਼ੂ ਨੂੰ ਬਰਾਖਸਤ ਕੀਤੇ ਜਾਣ ਅਤੇ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਸਬੰਧੀ ਮੰਗ ਕੀਤੀ ਗਈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਆਸ਼ੂ ਨੇ ਹਾਈਕੋਰਟ ਦੇ ਨਿਰਦੇਸ਼ਾਂ 'ਤੇ ਜਾਂਚ ਕਰਨ ਲਈ ਡੀ. ਐੱਸ. ਪੀ. ਨੂੰ ਕਥਿਤ ਤੌਰ 'ਤੇ ਧਮਕੀ ਦੇ ਕੇ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਮੰਤਰੀ ਦੇ ਵਿਰੁੱਧ ਨਾ ਸਿਰਫ ਕਾਰਵਾਈ ਕਰਨੀ ਚਾਹੀਦੀ ਹੈ ਸਗੋਂ ਉਨ੍ਹਾਂ ਨੂੰ ਅਹੁਦੇ ਤੋਂ ਵੀ ਬਰਖਾਸਤ ਕਰ ਦੇਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਆਸ਼ੂ ਦੇ ਮੰਤਰੀ ਅਹੁਦੇ 'ਤੇ ਰਹਿੰਦੇ ਹੋਏ ਨਿਰਪੱਖ ਜਾਂਚ ਸੰਭਵ ਨਹੀਂ ਹੈ। 

ਭਾਜਪਾ 'ਤੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਅੱਤਵਾਦੀ ਹਮਲੇ ਉਪਰੰਤ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸਿਆਸਤ ਕਰਨ ਸਬੰਧੀ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ 'ਤੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਸਰਕਾਰ ਦੇ ਨਾਲ ਖੜ੍ਹੇ ਹਨ ਪਰ ਭਾਜਪਾ ਵੱਲੋਂ ਮਾਮਲੇ 'ਚ ਕੀਤੀ ਗਈ ਪੋਸਟਰ ਵਾਰ ਜ਼ਰੀਏ ਇਹ ਦਰਸਾਇਆ ਜਾ ਰਿਹਾ ਹੈ ਜਿਵੇਂ ਇਹ ਸੁਰੱਖਿਆ ਬਲਾਂ ਦਾ ਨਹੀਂ ਉਨ੍ਹਾਂ ਦਾ ਪਰਾਕ੍ਰਮ ਹੈ। ਮਾਮਲੇ 'ਚ ਭਾਜਪਾ ਵੱਲੋਂ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੰਗ ਨਾਲ ਕਾਫੀ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਅਤੇ ਇਸ 'ਤੇ ਬੈਠ 'ਤੇ ਗੱਲਬਾਤ ਕਰਨੀ ਚਾਹੀਦੀ ਹੈ। 

ਬੀਤੇ ਦਿਨ ਲੁਧਿਆਣਾ ਦੀ ਅਦਾਲਤ ਵੱਲੋਂ ਸਿਟੀ ਸੈਂਟਰ 'ਚ ਸਾਬਕਾ ਡੀ. ਜੀ. ਪੀ. ਸੁਮੈਧ ਸੈਣੀ ਵੱਲੋਂ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਨੂੰ ਚੈਲੇਂਜ ਕਰਨ ਸਬੰਧੀ ਪਟੀਸ਼ਨ ਰੱਦ ਕਰਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਆਖਿਰ 'ਚ ਕੈਪਟਨ ਦੇ ਹੱਕ 'ਚ ਕੇਸ ਨੂੰ ਮੋੜ ਦਿੱਤਾ ਹੈ ਅਤੇ ਵਿਜੀਲੈਂਸ ਦੇ ਜ਼ਰੀਏ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰੱਸਟ ਦੇ ਮਾਮਲੇ 'ਚ ਕਲੋਜ਼ਰ ਰਿਪੋਰਟ ਤਿਆਰ ਕਰ ਦਿੱਤੀ ਸੀ। 

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜਨਰਲ ਜੇ. ਜੇ. ਸਿੰਘ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨੇ ਜਾਣ ਨੂੰ ਲੈ ਕੇ ਖਹਿਰਾ ਨੇ ਕਿਹਾ ਕਿ ਹਰ ਪਾਰਟੀ ਨੂੰ ਆਪਣੇ ਉਮੀਦਵਾਰ ਐਲਾਨ ਕਰਨ ਦੀ ਆਜ਼ਾਦੀ ਹੈ ਪਰ ਪੰਜਾਬ ਡੈਮੋਕ੍ਰੇਟਿਕ ਐਲਾਇੰਸ 'ਚ ਰਹਿੰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਅਕਾਲੀ ਦਲ ਟਕਸਾਲੀ ਅਤੇ ਬਹੁਜਨ ਸਮਾਜ ਪਾਰਟੀ 'ਚ ਟਕਰਾਅ ਹੋ ਸਕਦਾ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਕਾਲੀ ਦਲ ਟਕਸਾਲੀ ਨੂੰ ਸ੍ਰੀ ਆਨੰਦਪੁਰ ਸਾਹਿਬ ਲਈ ਐਲਾਨ ਕੀਤੇ ਗਏ ਆਪਣੇ ਉਮੀਦਵਾਰਾਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਪਰ ਉਹ ਆਪਣੇ ਫੈਸਲੇ 'ਤੇ ਬਣੇ ਹੋਏ ਹਨ।


shivani attri

Content Editor

Related News