ਆਪਣੀ ਮਹਿਲਾ ਮਿੱਤਰ ਆਰੂਸਾ ਨੂੰ ਪੱਕੇ ਤੌਰ ''ਤੇ ਪਾਕਿਸਤਾਨ ਭੇਜਣ ਕੈਪਟਨ : ਖਹਿਰਾ

Monday, Feb 25, 2019 - 10:48 AM (IST)

ਆਪਣੀ ਮਹਿਲਾ ਮਿੱਤਰ ਆਰੂਸਾ ਨੂੰ ਪੱਕੇ ਤੌਰ ''ਤੇ ਪਾਕਿਸਤਾਨ ਭੇਜਣ ਕੈਪਟਨ : ਖਹਿਰਾ

ਨਵਾਂਸ਼ਹਿਰ (ਤ੍ਰਿਪਾਠੀ)— ਪੁਲਵਾਮਾ ਅੱਤਵਾਦੀ ਹਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ 41 ਜਵਾਨਾਂ ਦੇ ਬਦਲੇ 'ਚ 82 ਪਾਕਿ ਫੌਜੀਆਂ ਨੂੰ ਮਾਰਨ ਅਤੇ ਜੈਸ਼-ਏ-ਮੁਹੰਮਦ ਦੇ ਚੀਫ ਅਜ਼ਹਰ ਮਹਿਮੂਦ ਖਿਲਾਫ ਸਖਤ ਕਾਰਵਾਈ ਨੂੰ ਅਮਲ 'ਚ ਲਿਆਉਣ 'ਚ ਅਸਫਲ ਪਾਕਿ ਦੀ ਸਰਕਾਰ ਨੂੰ ਖੁਦ ਕਾਰਵਾਈ ਕਰਨ ਦੇ ਦਿੱਤੇ ਬਿਆਨਾਂ 'ਤੇ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਮਸਲੇ 'ਚ ਕਿਸੇ ਦੇਸ਼ ਦੇ ਰਾਜ ਦਾ ਇਕ ਮੁੱਖ ਮੰਤਰੀ ਕਿਸ ਤਰ੍ਹਾਂ ਦੂਜੇ ਰਾਸ਼ਟਰ ਦੇ ਇਲਾਕੇ 'ਚ ਜਾ ਕੇ ਅਜਿਹਾ ਕਦਮ ਚੁੱਕ ਸਕਦਾ ਹੈ। ਖਹਿਰਾ ਨੇ ਇਹ ਪ੍ਰਗਟਾਵਾ ਇਥੇ ਜ਼ਿਲਾ ਪ੍ਰਧਾਨ ਤੇਜਿੰਦਰ ਸਿੰਘ ਦੇ ਕਲੀਨਿਕ 'ਤੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਨਸ਼ੇ ਦੇ ਸੌਦਾਗਰਾਂ, ਭ੍ਰਿਸ਼ਟਾਚਾਰ ਦੇ ਦੋਸ਼ੀ ਆਗੂਆਂ, ਰੇਤ ਮਾਫੀਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਕੇ ਦਿਖਾਉਣ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ 'ਤੇ ਦੋਹਰੀ ਸਿਆਸਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਕ ਪਾਸੇ ਤਾਂ ਪਾਕਿ ਦੀ ਨਿੰਦਾ ਕਰਦੇ ਹਨ ਅਤੇ ਦੂਜੇ ਪਾਸੇ ਪਾਕਿ ਦੀ ਡਿਫੈਂਸ ਐਨਾਲਿਸਟ ਆਰੂਸਾ ਆਲਮ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਪਨਾਹ ਦੇ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਪਾਕਿ ਵੱਲੋਂ ਦੇਸ਼ 'ਚ ਦਖਲਅੰਦਾਜ਼ੀ ਦੇ ਦੋਸ਼ਾਂ ਪ੍ਰਤੀ ਸੰਜੀਦਾ ਹਨ ਤਾਂ ਆਰੂਸਾ ਆਲਮ ਨੂੰ ਸਥਾਈ ਤੌਰ 'ਤੇ ਵਾਪਸ ਪਾਕਿਸਤਾਨ ਭੇਜਿਆ ਜਾਵੇ। 

ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀ ਜਾਂਚ ਕਾਫੀ ਹੌਲੀ ਚੱਲ ਰਹੀ ਹੈ। ਕੈਪਟਨ ਸਰਕਾਰ ਦੀ ਸੱਤਾ ਦਾ ਅੱਧਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਇਸ ਮਾਮਲੇ 'ਚ ਸਿਰਫ 2 ਪੁਲਸ ਅਫਸਰਾਂ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਸਬੂਤਾਂ ਨੂੰ ਨਸ਼ਟ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਧਿਕਾਰੀ ਅਤੇ ਸਿਆਸੀ ਆਗੂ ਉਹ ਚਾਹੇ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ, ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਪੰਜਾਬ 'ਚ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਡੈਮੋਕ੍ਰੇਟਿਕ ਰਿਲਾਇੰਸ ਦੀਆਂ ਸੀਟਾਂ ਦੀ ਵੰਡ ਅਤੇ ਸਾਂਝੇ ਮਸਲਿਆਂ ਨੂੰ ਲੈ ਕੇ ਅੰਤਿਮ ਬੈਠਕ ਲੋਕ ਇਨਸਾਫ ਪਾਰਟੀ, ਬਸਪਾ ਅਤੇ ਪੰਜਾਬ ਏਕਤਾ ਪਾਰਟੀ ਦੀ ਸੋਮਵਾਰ ਨੂੰ ਆਯੋਜਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਟਕਸਾਲੀ ਅਕਾਲੀ ਵੀ ਇਸ ਗੱਠਜੋੜ ਦਾ ਹਿੱਸਾ ਬਣਦੇ ਪਰ ਬਦਕਿਸਮਤੀ ਨਾਲ ਟਕਸਾਲੀ ਅਕਾਲੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਨੂੰ ਇਕ ਤਰਫਾ ਫੈਸਲਾ ਲੈਂਦੇ ਹੋਏ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਕਾਲੀ-ਭਾਜਪਾ ਅਤੇ ਕਾਂਗਰਸ ਖਿਲਾਫ ਤੀਜਾ ਬਦਲ ਬਣਾਉਣ ਲਈ ਅਜੇ ਵੀ ਉਹ ਟਕਸਾਲੀ ਅਕਾਲੀ ਪਾਰਟੀ ਨੂੰ ਅਪੀਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਕਤ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ।

ਇਕ ਪ੍ਰਸ਼ਨ ਦੇ ਉੱਤਰ 'ਚ ਉਨ੍ਹਾਂ ਨੇ ਕਿਹਾ ਕਿ ਗੱਠਜੋੜ ਦੀ ਸਿਆਸਤ ਨਾ ਕਰਨ ਦੀ ਸਹੁੰ ਚੁੱਕਣ ਵਾਲੇ ਕੇਜਰੀਵਾਲ ਦੀ 'ਆਪ' ਕਾਂਗਰਸ ਨਾਲ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਆਪਣੀ ਸੰਗਰੂਰ ਸੀਟ ਨੂੰ ਪੁਖਤਾ ਕਰਨ ਲਈ ਕਾਂਗਰਸ ਨਾਲ ਗੱਠਜੋੜ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਕਦੇ ਹਿਤੈਸ਼ੀ ਨਹੀਂ ਰਹੀ ਅਤੇ ਮੌਕਾਪ੍ਰਸਤੀ ਦੀ ਰਾਜਨੀਤੀ 'ਚ ਲੱਗੀ ਹੋਈ ਹੈ, ਜਿਸ ਦਾ ਪੰਜਾਬ 'ਚ ਹੁਣ ਕੋਈ ਆਧਾਰ ਨਹੀਂ ਹੈ।  ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸੁੱਖਦੇਵ ਸਿੰਘ ਭੌਰ ਅਤੇ ਹੋਰ ਪਾਰਟੀ ਦੇ ਆਗੂ ਵੀ ਮੌਜੂਦ ਸਨ।


author

shivani attri

Content Editor

Related News