ਆਰੂਸਾ ਦੀ ਸਿਫਾਰਿਸ਼ 'ਤੇ ਲੱਗਾ ਪੰਜਾਬ 'ਚ ਡੀ. ਜੀ. ਪੀ: ਖਹਿਰਾ
Monday, Feb 11, 2019 - 06:31 PM (IST)

ਜਲੰਧਰ— ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਜਲੰਧਰ ਵਿਖੇ ਪ੍ਰੈੱਸ ਕਾਨਫੰਰਸ ਕਰਦੇ ਹੋਏ ਪੰਜਾਬ ਦੇ ਨਵੇਂ ਬਣੇ ਡੀ. ਜੀ. ਪੀ. ਦਿਨਕਰ ਗੁਪਤਾ ਬਾਰੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਦਿਨਕਰ ਗੁਪਤਾ ਨੂੰ ਪੰਜਾਬ 'ਚ ਡੀ. ਜੀ. ਪੀ. ਆਰੂਸਾ ਆਲਮ ਨੇ ਲਗਵਾਇਆ ਹੈ। ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋਂ ਡੀ. ਜੀ. ਪੀ. ਬਣਾਉਣ ਨੂੰ ਲੈ ਕੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਡੀ. ਜੀ. ਪੀ. ਬਣਾਉਣ ਲਈ ਕੈਪਟਨ ਨੇ ਕਈਆਂ ਦੀ ਸਨਿਓਰਿਟੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਦੇ ਉਹ ਲੋਕ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੇਵਾ ਕਰ ਦਿੱਤੀ, ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਮੁਰਾਲ ਨੂੰ ਡਾਊਨ ਕੀਤਾ ਹੈ। ਇੰਨਾ ਹੀ ਨਹੀਂ ਖਹਿਰਾ ਨੇ ਆਰੂਸਾ ਆਲਮ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਇਕ ਤਸਵੀਰ ਵੀ ਦਿਖਾਈ, ਜਿਸ 'ਚ ਦਿਨਕਰ ਗੁਪਤਾ ਨੇ ਆਰੂਸਾ ਦੇ ਮੋਢਿਆਂ 'ਤੇ ਹੱਥ ਰੱਖਿਆ ਹੋਇਆ ਹੈ। ਖਹਿਰਾ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦਾ ਡੀ. ਜੀ. ਪੀ. ਨਹੀਂ ਸਗੋਂ ਆਰੂਸਾ ਆਲਮ ਦੀ ਸਿਫਾਰਿਸ਼ 'ਤੇ ਲਗਾਇਆ ਗਿਆ ਡੀ. ਜੀ. ਪੀ. ਹੈ। ਉਨ੍ਹਾਂ ਨੇ ਕਿਹਾ ਦਿਨਕਰ ਗੁਪਤਾ ਪੰਜਾਬ 'ਚ ਆਰੂਸਾ ਤੋਂ ਬਗੈਰ ਨਹੀਂ ਚੱਲ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਿੱਲੀ 'ਚ ਇੰਟੈਲੀਜੈਂਸ ਬਿਊਰੋ 'ਚ ਕੰਮ ਕਰਦੇ ਸਮੇਂ ਦਿਨਕਰ ਗੁਪਤਾ 'ਤੇ ਪ੍ਰਣਬ ਮੁਖਰਜੀ ਵੱਲੋਂ ਵੀ ਕਈ ਦੋਸ਼ ਲਗਾਏ ਗਏ ਸਨ। ਸੁਖਪਾਲ ਖਹਿਰਾ ਨੇ ਕਿਹਾ ਕਿ ਦਿਨਕਰ ਗੁਪਤਾ ਅਤੇ ਸੁਰੇਸ਼ ਅਰੋੜਾ ਦੇ ਡਰੱਗ ਗੈਂਗ ਦੇ ਮਾਮਲੇ 'ਚ ਚਟੋਪਾਧਿਆ ਦੀ ਰਿਪੋਰਟ 'ਚ ਦੋਸ਼ ਅਜੇ ਪੈਂਡਿੰਗ ਹਨ, ਜਿਸ ਦੇ ਬਾਰੇ ਅਜੇ ਤੱਕ ਕੋਈ ਡਿਸੀਜ਼ਨ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਥੇ ਹੀ ਕੈਪਟਨ ਸਰਕਾਰ ਅਤੇ ਕੇਂਦਰ ਸਰਕਾਰ ਆਪਸ 'ਚ ਮਿਲੀ ਹੋਈ ਹੈ ਕਿਉਂਕਿ ਉਹ ਆਪਣੇ ਕੇਸਾਂ ਨੂੰ ਖਤਮ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿਅਕਤੀ ਨੂੰ ਪੰਜਾਬ ਦਾ ਡੀ. ਜੀ. ਪੀ. ਬਣਾਉਣਾ ਸਹੀ ਨਹੀਂ ਹੈ।
ਇਸ ਤੋਂ ਇਲਾਵਾ ਖਹਿਰਾ ਨੇ ਬੀਤੇ ਦਿਨ ਪਟਿਆਲਾ 'ਚ ਪ੍ਰਦਰਸ਼ਨ ਦੌਰਾਨ ਅਧਿਆਪਕਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡੀ. ਜੀ. ਪੀ. ਬਣਨ ਤੋਂ ਬਾਅਦ ਦਿਨਕਰ ਗੁਪਤਾ ਦਾ ਪਹਿਲਾ ਐਕਸ਼ਨ ਹੀ ਇੰਨਾ ਮਾੜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਟੀਚਰ ਤਾਂ ਸਿਰਫ ਆਪਣਾ ਅਧਿਕਾਰ ਮੰਗਣ ਗਏ ਸਨ ਪਰ ਪੰਜਾਬ ਪੁਲਸ ਵੱਲੋਂ ਨਿਹੱਥੇ ਲੋਕਾਂ ਦੀ ਕੁੱਟਮਾਰ ਕਰ ਦਿੱਤੀ ਗਈ। ਪੰਜਾਬ ਪੁਲਸ ਵੱਲੋਂ ਕੀਤੀ ਗਈ ਇਸ ਬਦਮਾਸ਼ੀ 'ਤੇ ਉਨ੍ਹਾਂ ਨੇ ਕੈਪਟਨ ਤੇ ਦਿਨਕਰ ਗੁਪਤਾ ਨੂੰ ਪੁੱਛਦੇ ਹੋਏ ਕਿਹਾ ਕਿ ਜੇਕਰ ਉਹ ਇੰਨੇ ਬਦਮਾਸ਼ ਹਨ ਤਾਂ ਕਿਸੇ ਰਾਣਾ ਗੁਰਜੀਤ ਵਰਗੇ ਮਾਫੀਆ ਨੂੰ ਫੜ ਕੇ ਦਿਖਾਉਣ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਮਿਲਣ ਦੀ ਬਜਾਏ ਪੁਲਸ ਵੱਲੋਂ ਨਿਹੱਥੇ ਲੋਕਾਂ 'ਤੇ ਕੁਟਾਪਾ ਚਾੜ੍ਹ ਦਿੱਤਾ ਜਾਂਦਾ ਹੈ।