ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ ਹੋਵੇਗੀ ਸੁਣਵਾਈ, ਕਾਂਗਰਸ ਵੱਲੋਂ ਐਲਾਨੇ ਜਾ ਚੁੱਕੇ ਨੇ ਉਮੀਦਵਾਰ

Tuesday, Jan 18, 2022 - 06:24 PM (IST)

ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ ਹੋਵੇਗੀ ਸੁਣਵਾਈ, ਕਾਂਗਰਸ ਵੱਲੋਂ ਐਲਾਨੇ ਜਾ ਚੁੱਕੇ ਨੇ ਉਮੀਦਵਾਰ

ਚੰਡੀਗੜ੍ਹ : ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ ਸੁਣਵਾਈ ਹੋਵੇਗੀ। ਕਾਂਗਰਸ ਨੇ ਭੁਲੱਥ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਐਲਾਨਿਆ ਹੈ। ਪੰਜਾਬ ਨੂੰ ਹਮੇਸ਼ਾ ਵੱਧ ਅਧਿਕਾਰ ਦੇਣ ਦੇ ਮਾਮਲੇ 'ਚ ਖਹਿਰਾ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਰਹੇ ਹਨ। ਮੋਹਾਲੀ ਅਦਾਲਤ ਵੱਲੋਂ ਪਹਿਲਾਂ ਵੀ ਉਨ੍ਹਾਂ ਦੀ ਜ਼ਮਾਨਤ 3 ਵਾਰ ਰੱਦ ਕੀਤੀ ਜਾ ਚੁੱਕੀ ਹੈ। ਹੁਣ ਭਲਕੇ ਫਿਰ ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ਸੀਟ 'ਤੇ ਭਖੇਗਾ ਚੋਣ ਅਖਾੜਾ, ਕੈਪਟਨ ਦੇ ਮੁਕਾਬਲੇ ਲੜਨਗੇ 2 ਸਾਬਕਾ ਮੇਅਰ

ਸੁਖਪਾਲ ਖਹਿਰਾ 2017 ਵਿਚ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਸਨ। ਆਮ ਆਦਮੀ ਪਾਰਟੀ ਵੱਲੋਂ ਖਹਿਰਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਸੀ। ਕੁਝ ਸਮੇਂ ਬਾਅਦ ਖਹਿਰਾ ਦੀ ਆਮ ਆਦਮੀ ਪਾਰਟੀ ਨਾਲ ਤਕਰਾਰ ਹੋ ਗਈ ਅਤੇ ਉਨ੍ਹਾਂ ਪਾਰਟੀ ਖਿਲਾਫ਼ ਬਗਾਵਤ ਕਰ ਦਿੱਤੀ। ਜੂਨ 2021 ਦੇ ਵਿਚ ਖਹਿਰਾ ਨੇ ਆਪ ਦੇ 2 ਬਾਗੀ ਵਿਧਾਇਕਾਂ ਸਣੇ ਕਾਂਗਰਸ ਪਾਰਟੀ ਜੁਆਇਨ ਕਰ ਲਈ। ਹਾਲਾਂਕਿ ਆਮ ਆਦਮੀ ਪਾਰਟੀ ਵਿਚ ਆਉਣ ਤੋਂ ਪਹਿਲਾਂ ਵੀ ਉਹ ਕਾਂਗਰਸ ਪਾਰਟੀ ਦਾ ਹੀ ਹਿੱਸਾ ਸਨ। ਖਹਿਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਤੇ 2007 ਤੋਂ 2012 ਤੱਕ ਭੁਲੱਥ ਤੋਂ ਵਿਧਾਇਕ ਰਹੇ ਹਨ। 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਮੈਦਾਨ 'ਚ ਉਤਾਰੇ ਗਏ ਖਹਿਰਾ ਨੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਭਾਜਪਾ ਦੀਆਂ ਟਿਕਟਾਂ ਦਾ ਕੰਮ 19 ਜਨਵਰੀ ਤੱਕ ਟਲਿਆ

ਸੁਖਪਾਲ ਖਹਿਰਾ ਦਾ ਸਿਆਸੀ ਸਫਰ
ਸੁਖਪਾਲ ਖਹਿਰਾ ਦਾ ਸਿਆਸੀ ਕਰੀਅਰ 1994 ਤੋਂ ਸ਼ੁਰੂ ਹੋਇਆ ਤੇ ਪਹਿਲੀ ਵਾਰ ਕਪੂਰਥਲਾ ਜ਼ਿਲੇ ਦੇ ਪਿੰਡ ਰਾਮਗੜ੍ਹ ਤੋਂ ਪੰਚਾਇਤ ਮੈਂਬਰ ਚੁਣੇ ਗਏ। 1997 'ਚ ਖਹਿਰਾ ਨੇ ਯੂਥ ਕਾਂਗਰਸ ਜੁਆਇਨ ਕੀਤੀ ਤੇ ਪੰਜਾਬ ਯੂਥ ਕਾਂਗਰਸ ਦੇ ਉਪ ਮੁਖੀ ਚੁਣੇ ਗਏ। ਇਸ ਤੋਂ ਬਾਅਦ 1999 'ਚ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦੇ ਰੂਪ 'ਚ ਜ਼ਿੰਮੇਵਾਰੀ ਦਿੱਤੀ ਗਈ। 25 ਦਸੰਬਰ, 2015 'ਚ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਆਮ ਆਦਮੀ ਪਾਰਟੀ 'ਚ ਚਲੇ ਗਏ।

ਇਹ ਵੀ ਪੜ੍ਹੋ : ‘ਆਪ’ ਵਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਵਾਰ ਐਲਾਨੇ ਜਾਣ ’ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ

ਆਮ ਆਦਮੀ ਪਾਰਟੀ ਤੋਂ ਬਾਗੀ ਹੋਣਾ
27 ਜੁਲਾਈ 2018 ਨੂੰ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਕੇ ਸਿਆਸਤ 'ਚ ਭੁਚਾਲ ਲਿਆ ਦਿੱਤਾ, ਜਿਸ ਤੋਂ ਬਾਅਦ 8 ਵਿਧਾਇਕਾਂ ਸਮੇਤ ਕੰਵਰ ਸੰਧੂ ਨੇ 2 ਅਗਸਤ ਨੂੰ ਬਠਿੰਡਾ ਕਨਵੈਨਸ਼ਨ 'ਚ ਸੁਖਪਾਲ ਖਹਿਰਾ ਦਾ ਸਾਥ ਦਿੰਦਿਆਂ ਖਹਿਰਾ ਨਾਲ ਮੋਢਾ ਜੋੜ ਲਿਆ, ਜਿਸ ਤੋਂ ਬਾਅਦ ਕੰਵਰ ਸੰਧੂ ਵੀ ਸੁਖਪਾਲ ਖਹਿਰਾ ਵਾਂਗ ਪਾਰਟੀ ਦੀਆਂ ਨਜ਼ਰਾਂ 'ਚ ਰੜਕਣ ਲੱਗ ਗਏ। ਇਕ ਤੋਂ ਬਾਅਦ ਇਕ ਚੱਲੇ ਵਿਵਾਦ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਸਖਤੀ ਦਿਖਾਉਂਦਿਆਂ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ। ਪਾਰਟੀ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋ ਰਹੇ ਸਨ ਤੇ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। 'ਆਪ' ਦੀ ਕੋਰ ਕਮੇਟੀ ਦਾ ਵੀ ਬਿਆਨ ਹੈ ਕਿ ਪਿਛਲੇ ਸਮੇਂ ਤੋਂ ਦੋਵਾਂ ਆਗੂਆਂ ਨੂੰ ਸਮਝਾਉਣ ਦੇ ਯਤਨ ਕੀਤੇ ਜਾ ਰਹੇ ਸਨ ਪਰ ਗੱਲਬਾਤ ਕਿਸੇ ਕਿਨਾਰੇ ਨਾ ਲੱਗਣ ਕਾਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਮੁਅੱਤਲ ਕਰਨ ਦਾ ਫੈਸਲਾ ਲੈਣਾ ਪਿਆ। 

ਇਹ ਵੀ ਪੜ੍ਹੋ : ਦੀਨਾਨਗਰ ਦੇ 7 ਪਿੰਡਾਂ ਨੇ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਕੀਤਾ ਐਲਾਨ, ਜਾਣੋ ਕੀ ਹੈ ਮਾਮਲਾ

ਨਵੀਂ ਪਾਰਟੀ ਦਾ ਐਲਾਨ
ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ 7 ਜਨਵਰੀ 2019 ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ, ਜਿਸ ਦਾ ਨਾਂ 'ਪੰਜਾਬੀ ਏਕਤਾ ਪਾਰਟੀ' ਰੱਖਿਆ। ਇਸ ਤੋਂ ਥੋੜ੍ਹੇ ਸਮਾਂ ਬਾਅਦ ਹੀ ਪਾਰਟੀ ਦੇ ਨਾਂ ਨੂੰ ਲੈ ਕੇ ਕੁਝ ਸਮੱਸਿਆਵਾਂ ਆਈਆਂ, ਜਿਨ੍ਹਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਨਾਂ ਬਦਲ ਕੇ 'ਪੰਜਾਬ ਏਕਤਾ ਪਾਰਟੀ' ਰੱਖ ਦਿੱਤਾ ਗਿਆ।

ਇਹ ਵੀ ਪੜ੍ਹੋ : ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਮਹਿਸਮਪੁਰ ਦੇ ਨੌਜਵਾਨ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸੁਖਪਾਲ ਸਿੰਘ ਖਹਿਰਾ ਦੀਆਂ ਵੱਖ-ਵੱਖ ਰਿਹਾਇਸ਼ਾਂ ’ਤੇ ਈ. ਡੀ. ਨੇ 9 ਮਾਰਚ 2021 ਨੂੰ ਛਾਪੇਮਾਰੀ ਕੀਤੀ ਸੀ। ਉਹ 3 ਜੂਨ 2021 ਨੂੰ ‘ਆਪ’ ਦੇ 2 ਬਾਗੀ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਵਿਧਾਇਕ ਮੌੜ ਅਤੇ ਪਿਰਮਲ ਸਿੰਘ ਧੌਲਾ, ਵਿਧਾਇਕ ਭਦੌੜ ਸਮੇਤ ਕਾਂਗਰਸ ਪਾਰਟੀ ਸ਼ਾਮਲ ਹੋ ਗਏ ਸਨ। ਇਸ ਮਗਰੋਂ ਸੁਖਪਾਲ ਖਹਿਰਾ ਨੇ ਭੁਲੱਥ ਤੋਂ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ 20 ਅਕਤੂਬਰ 2021 ਨੂੰ ਸਵੀਕਾਰ ਕੀਤਾ ਗਿਆ। ਖਹਿਰਾ ਨੂੰ 11 ਨਵੰਬਰ 2021 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ। ਉਦੋਂ ਤੋਂ ਹੀ ਉਹ ਜੇਲ੍ਹ ’ਚ ਬੰਦ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਕਈ ਵਾਰ ਰੱਦ ਹੋ ਚੁੱਕੀ ਹੈ। ਹੁਣ ਦੇਖਣਾ ਹੋਵੇਗਾ ਕਿ ਕੀ ਭਲਕੇ ਉਨ੍ਹਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਸਿਆਸਤ ਨੇ ਵੱਖ ਕੀਤੇ ਬਾਜਵਾ ਭਰਾਵਾਂ ਦੇ ਰਾਹ ਪਰ ਇਕੋ ਘਰ ’ਤੇ ਲਹਿਰਾ ਰਹੇ ਦੋ ਪਾਰਟੀਆਂ ਦੇ ਝੰਡੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Harnek Seechewal

Content Editor

Related News