ਖਹਿਰਾ ਕੈਪਟਨ ਸਰਕਾਰ ਤੇ ਪੁਲਸ ਦੇ ਤਾਲਮੇਲ ''ਚ ਕੁੜੱਤਣ ਭਰਨ ਤੋਂ ਪ੍ਰਹੇਜ਼ ਕਰਨ : ਜਿੰਦਾ
Monday, Jul 23, 2018 - 07:57 AM (IST)

ਜ਼ੀਰਾ (ਅਕਾਲੀਆਂਵਾਲਾ) – ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਕੈਪਟਨ ਸਰਕਾਰ ਤੇ ਪੰਜਾਬ ਪੁਲਸ ਦੇ ਆਪਸੀ ਤਾਲਮੇਲ 'ਚ ਕੁੜੱਤਣ ਭਰਨ ਤੋਂ ਪ੍ਰਹੇਜ਼ ਕਰਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਪੰਜਾਬ ਦੇ ਈਮਾਨਦਾਰ ਪੁਲਸ ਅਫਸਰ ਇਸ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਆਗੂ ਈਮਾਨਦਾਰ ਪੁਲਸ ਅਫਸਰਾਂ 'ਤੇ ਵੀ ਚਿੱਕੜ ਉਛਾਲ ਰਹੇ ਹਨ, ਜਿਸ ਵੀ ਪੁਲਸ ਅਫਸਰ 'ਤੇ ਕੈਪਟਨ ਸਰਕਾਰ ਨੂੰ ਸ਼ੱਕ ਨਜ਼ਰ ਆਇਆ, ਉਸ ਨੇ ਉਨ੍ਹਾਂ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਵੀ ਕੀਤੀ।
ਇਹ ਵਿਚਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਰਜਿੰਦਰ ਸਿੰਘ ਜਿੰਦਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਹੁਣ ਕੋਈ ਆਧਾਰ ਨਹੀਂ ਰਹਿ ਗਿਆ ਹੈ ਅਤੇ ਗੁਆਚੀ ਹੋਈ ਸਾਖ ਨੂੰ ਬਹਾਲ ਕਰਨ ਲਈ ਖਹਿਰਾ ਬੇਤੁਕੀ ਅਤੇ ਅਰਥਹੀਣ ਬਿਆਨਬਾਜ਼ੀ ਕਰ ਕੇ ਆਪਣੇ-ਆਪ ਨੂੰ ਚਮਕਾ ਰਹੇ ਹਨ। ਕੈਪਟਨ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਵਾਲੇ ਜਿਥੇ ਆਗੂ ਹਨ, ਉਥੇ ਉਨ੍ਹਾਂ ਪਾਣੀ ਦੇ ਨਿਕਾਸੀ ਪ੍ਰਬੰਧਾਂ ਲਈ ਜਿਸ ਤਰ੍ਹਾਂ ਲੁਧਿਆਣਾ ਦਾ ਬੁੱਢਾ ਨਾਲਾ ਹੈ, ਉਸ ਲਈ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਵੱਧ ਫੰਡ ਮੁਹੱਈਆ ਕਰਵਾਏ। ਉਹ ਪੰਜਾਬ ਹਿੱਤ ਫੈਸਲੇ ਲੈਣ ਵਾਲੇ ਆਗੂ ਹਨ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜੋ ਮੁਹਿੰਮ ਚਲਾਈ ਗਈ ਹੈ, ਉਸ ਦੇ ਵਧੀਆ ਨਤੀਜੇ ਸਾਹਮਣੇ ਆਏ ਹਨ ਅਤੇ ਪੰਜਾਬ 'ਚ ਹੁਣ ਲੋਕ ਨਸ਼ਿਆਂ ਤੋਂ ਤੌਬਾ ਕਰਨ ਲੱਗੇ ਹਨ। ਕੈਪਟਨ ਸਰਕਾਰ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਤੋਂ ਇਲਾਵਾ ਪੰਜਾਬ ਦੇ ਵਿਕਾਸ ਲਈ ਵੱਡੇ ਫੈਸਲੇ ਲੈ ਰਹੀ ਹੈ। ਇਸ ਲਈ ਲੋਕ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਸਾਥ ਦੇਣ।