ਰੋੜੀ ਦੱਸੇ ਕਿ ਹੁਣ ਸਿਸੋਦੀਆ ਦੀ ਧੌਣ ''ਚੋਂ ''ਕਿੱਲਾ'' ਨਿਕਲ ਗਿਐ : ਖਹਿਰਾ

12/25/2018 2:19:56 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਜਸਟਿਸ ਜ਼ੋਰਾ ਸਿੰਘ (ਰਿਟਾ.) ਦੇ ਪਾਰਟੀ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਖਿਲਾਫ ਦਿਲੀ ਭੜਾਸ ਕੱਢੀ ਹੈ, ਉੱਥੇ ਹੀ ਜੈ ਕਿਸ਼ਨ ਰੋੜੀ 'ਤੇ ਵੀ ਤਿੱਖੇ ਵਿਅੰਗ ਕੱਸੇ ਹਨ, ਜਿਨ੍ਹਾਂ ਨੇ ਬੀਤੇ ਦਿਨ ਹੀ ਪਾਰਟੀ 'ਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਜੈ ਕਿਸ਼ਨ ਰੋੜੀ ਉਨ੍ਹਾਂ ਦੇ ਧੜੇ 'ਚ ਆਏ ਸਨ ਤਾਂ ਬੜੇ ਹੀ ਤਲਖੀ ਭਰੇ ਸ਼ਬਦਾਂ 'ਚ ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਧੌਣ 'ਚ ਸਰੀਆ ਜਾਂ ਕਿੱਲਾ ਹੈ, ਜੋ ਉਹ ਕੱਢ ਕੇ ਰਹਿਣਗੇ।

ਖਹਿਰਾ ਨੇ ਰੋੜੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਹੁਣ ਰੋੜੀ ਦੱਸਣ ਕਿ ਸਿਸੋਦੀਆ ਦੀ ਧੌਣ 'ਚੋਂ ਉਨ੍ਹਾਂ ਨੇ ਸਰੀਆ ਜਾਂ ਕਿੱਲਾ ਕੱਢ ਦਿੱਤਾ ਹੈ? ਸੁਖਪਾਲ ਖਹਿਰਾ ਨੇ ਕਿਹਾ ਕਿ ਜੈ ਕਿਸ਼ਨ ਰੋੜੀ ਉਨ੍ਹਾਂ ਦੇ ਧੜੇ 'ਚ ਆਏ ਵੀ ਆਪਣੀ ਮਰਜ਼ੀ ਨਾਲ ਸੀ ਅਤੇ ਹੁਣ ਗਏ ਵੀ ਆਪਣੀ ਮਰਜ਼ੀ ਨਾਲ ਹਨ। ਉਨ੍ਹਾਂ ਕਿਹਾ ਕਿ ਅੱਜ ਲੜਾਈ ਇਸ ਗੱਲ ਦੀ ਨਹੀਂ ਕਿ ਕਿਸ ਕੋਲ ਕਿੰਨੇ ਵਿਧਾਇਕ ਹਨ, ਸਗੋਂ ਲੜਾਈ ਇਸ ਗੱਲ ਦੀ ਹੈ ਕਿ ਹਰ ਪਾਰਟੀ ਦਿੱਲੀ ਤੋਂ ਚੱਲ ਰਹੀ ਹੈ ਤਾਂ ਫਿਰ ਅਜਿਹੇ 'ਚ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਕਰੇਗਾ। 


Babita

Content Editor

Related News