ਬੈਂਸ ਦੇ ਹੱਕ ''ਚ ਨਿੱਤਰੇ ਖਹਿਰਾ, ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
Sunday, Sep 08, 2019 - 05:45 PM (IST)

ਚੰਡੀਗੜ੍ਹ— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ ਬਦਲਾਖੋਰੀ ਦੀ ਨੀਤੀ ਤਹਿਤ ਅਪਰਾਧਿਕ ਮਾਮਲਾ ਦਰਜ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਕੱਦਮੇ ਨੂੰ ਤੁਰੰਤ ਵਾਪਿਸ ਲੈਣ ਅਤੇ ਬੇਦੋਸ਼ੇ 23 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਗੁਰਦਾਸਪੁਰ ਦੇ ਜ਼ਿਲਾ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਜ਼ਿਲੇ ਦੇ ਉਨ੍ਹਾਂ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਸਲ ਵਿਚ ਬਟਾਲਾ ਪਟਾਕਾ ਫੈਕਟਰੀ ਬਲਾਸਟ ਵਿਚ 23 ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਦੇ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਗਲਤੀ ਅਤੇ ਅਣਗਹਿਲੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੈਪਟਨ ਨੇ ਡੀ.ਸੀ. ਨਾਲ ਬਹਿਸ ਕੀਤੇ ਜਾਣ ਦੇ ਬਹਾਨੇ ਬੈਂਸ ਖਿਲਾਫ ਸਿਆਸੀ ਹਿਸਾਬ ਬਰਾਬਰ ਕਰਨ ਲਈ ਬਦਲਾਖੋਰੀ ਦੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਧਮਾਕੇ ਵਿਚ ਮਾਰੇ ਗਏ ਵਿਅਕਤੀ ਦੀ ਲਾਸ਼ ਲੈਣ ਲਈ ਉਸ ਦੇ ਵਾਰਿਸ ਮਨਜੀਤ ਸਿੰਘ ਨੂੰ ਨਾਲ ਲੈ ਕੇ ਬੈਂਸ ਡੀ.ਸੀ. ਕੋਲ ਪਹੁੰਚੇ ਸਨ ਪਰ ਡੀ.ਸੀ. ਦਾ ਵਤੀਰਾ ਨਿਰਾਸ਼ਾਜਨਕ ਅਤੇ ਅਪਮਾਨ ਭਰਿਆ ਸੀ। ਇਹ ਮੁਮਕਿਨ ਹੈ ਕਿ ਡੀ. ਸੀ. ਗੁਰਦਾਸਪੁਰ ਦੇ ਢਿੱਲੇ ਮੱਠੇ ਰਵੱਈਏ ਕਾਰਨ ਬੈਂਸ ਨੂੰ ਗੁੱਸਾ ਆ ਗਿਆ ਹੋਵੇ ਪਰੰਤੂ ਬਲਾਸਟ ਦੇ ਪੀੜਤਾਂ ਲਈ ਇਨਸਾਫ ਮੰਗਣ ਵਾਲੇ ਜਨਤਾ ਦੇ ਇਕ ਚੁਣੇ ਹੋਏ ਨੁਮਾਇੰਦੇ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਸਰਾਸਰ ਗੈਰਕਾਨੂੰਨੀ ਅਤੇ ਨਾਇਨਸਾਫੀ ਹੈ। ਉਨ੍ਹਾਂ ਮੰਗ ਕੀਤੀ ਕਿ ਬੈਂਸ ਅਤੇ ਹੋਰਨਾਂ ਖਿਲਾਫ ਦਰਜ ਕੀਤਾ ਮੁਕੱਦਮਾ ਸਰਕਾਰ ਤੁਰੰਤ ਰੱਦ ਕਰੇ ਅਤੇ ਉਨ੍ਹਾਂ ਸਾਰੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ 23 ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਹਨ।