ਆਪਣੀ ਹੀ ਪਾਰਟੀ ਤੋਂ ਦੁਖੀ ਹੋਏ ਖਹਿਰਾ ਨੇ ਕੱਢੀ ਭੜਾਸ (ਵੀਡੀਓ)

07/20/2018 7:22:32 PM

ਜਲੰਧਰ (ਗੁਰਮਿੰਦਰ ਸਿੰਘ) : ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਆਪਣੇ ਖਿਲਾਫ ਪਾਰਟੀ 'ਚ ਹੋ ਰਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਕੀਤੀ ਹੈ। ਫੇਸਬੁਕ 'ਤੇ ਲਾਈਵ ਹੋ ਕੇ ਸੁਖਪਾਲ ਖਇਹਰਾ ਨੇ ਕਿਹਾ ਕਿ ਜਦੋਂ ਤੋਂ ਮੈਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ, ਉਦੋਂ ਤੋਂ ਮੇਰੇ ਖਿਲਾਫ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਜਦਕਿ ਮੈਂ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਪਾਰਟੀ ਦੇ ਸੀਨੀਅਰ ਆਗੂ ਹੀ ਮੇਰੇ ਖਿਲਾਫ ਸਾਜ਼ਿਸ਼ਾਂ ਰਚਣ ਦਾ ਕੰਮ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਬੀਤੇ ਦਿਨੀਂ ਸ਼ੁਤਰਾਣਾ ਦੇ ਵਰਕਰ ਅਤੇ ਵਾਲੰਟੀਅਰ ਡਾ. ਬਲਬੀਰ ਸਿੰਘ ਨੂੰ ਮਿਲਣ ਗਏ ਸਨ, ਜਿਥੇ ਡਾ. ਬਲਬੀਰ ਸਿੰਘ ਨੇ ਵਰਕਰਾਂ ਨੂੰ ਉਨ੍ਹਾਂ ਖਿਲਾਫ ਪੈਸੇ ਮੰਗਣ ਦੇ ਦੋਸ਼ ਲਗਾਏ, ਜਿਨ੍ਹਾਂ ਦਾ ਉਥੇ ਹੀ ਕੁਝ ਸੂਝਵਾਨ ਵਰਕਰਾਂ ਨੇ ਵਿਰੋਧ ਕੀਤਾ। ਖਹਿਰਾ ਨੇ ਕਿਹਾ ਕਿ ਉਹ ਪਟਿਆਲਾ ਵਿਚ ਕਿਸੇ ਵਰਕਰ ਦੇ ਘਰ ਰੱਖੀ ਬੈਠਕ ਵਿਚ ਗਏ ਸਨ, ਜਿੱਥੇ ਉਨ੍ਹਾਂ ਨੂੰ ਇਕ ਵਾਲੰਟੀਅਰ ਵਲੋਂ ਆਪਣੀ ਭੈਣ ਦੇ ਵਿਆਹ ਦਾ ਕਾਰਡ ਦਿੱਤਾ ਗਿਆ ਸੀ। 
ਅੱਗੇ ਬੋਲਦੇ ਹੋਏ ਖਹਿਰਾ ਨੇ ਕਿਹਾ ਕਿ ਇਸ ਸੰਬੰਧੀ ਜਦੋਂ ਉਨ੍ਹਾਂ ਡਾ. ਬਲਬੀਰ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹ ਆਪਣੇ ਬਿਆਨ ਤੋਂ ਪਲਟ ਗਏ ਅਤੇ ਉਨ੍ਹਾਂ ਡਾ. ਬਲਬੀਰ ਸਿੰਘ ਨੂੰ ਕਿਹਾ ਕਿ ਇਸ ਗੱਲ ਦੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਉਹ ਦੋਸ਼ੀ ਨਿਕਲੇ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਡਾ. ਬਲਬੀਰ ਹਲਕਾ ਸ਼ੁਤਰਾਣਾ ਦੇ ਵਰਕਰਾਂ ਸਾਹਮਣੇ ਆਪਣੀ ਗਲਤੀ ਮੰਨਣ ਜਾਂ ਆਪਣੇ ਸ਼ਬਦ ਵਾਪਸ ਲੈਣ। ਖਹਿਰਾ ਨੇ ਕਿਹਾ ਕਿ ਉਨ੍ਹਾਂ 2020 ਰਿਫਰੈਂਡਮ ਦਾ ਸਮਰਥਨ ਨਹੀਂ ਕੀਤਾ, ਉਨ੍ਹਾਂ ਸਿਰਫ ਪੰਜਾਬ ਨਾਲ ਹੋਏ ਵਿਤਕਰਿਆਂ ਦੀ ਗੱਲ ਕੀਤੀ ਸੀ, ਜਦਕਿ ਉਸ ਸਮੇਂ ਵੀ ਪਾਰਟੀ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਸਭ ਤੋਂ ਪਹਿਲਾਂ ਡਾ. ਬਲਬੀਰ ਸਿੰਘ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਕਾਰਵਾਈ ਦੀ ਮੰਗ ਕੀਤੀ। ਬਾਵਜੂਦ ਇਸ ਦੇ ਪੰਜਾਬ ਦੇ ਸੂਝਵਾਨ ਲੋਕਾਂ ਨੇ ਉਨ੍ਹਾਂ ਦਾ ਤਰਕ ਸਮਝਿਆ ਅਤੇ ਉਨ੍ਹਾਂ ਦਾ ਸਾਥ ਦਿਤਾ। 
2019 ਦੀਆਂ ਚੋਣਾਂ ਲਈ ਕਈ ਉਮੀਦਵਾਰ ਫਾਈਨਲ
ਖੁਲਾਸਾ ਕਰਦਿਆਂ ਖਹਿਰਾ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਵੀ ਕਈ ਉਮੀਦਵਾਰ ਫਾਈਨਲ ਹੋ ਚੁੱਕੇ ਹਨ, ਜਿਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਕਿਸੇ ਪਾਰਟੀ ਨਾ ਅਕਾਲੀ ਦਲ ਅਤੇ ਨਾ ਕਾਂਗਰਸ ਨੇ ਉਨ੍ਹਾਂ 'ਤੇ ਪੈਸੇ ਮੰਗਣ ਦੇ ਦੋਸ਼ ਨਹੀਂ ਲਗਾਏ ਜਦਕਿ ਉਨ੍ਹਾਂ ਦੇ ਆਪਣੇ ਹੀ ਉਨ੍ਹਾਂ ਖਿਲਾਫ ਕੋਝੀਆਂ ਚਾਲਾਂ ਚੱਲ ਰਹੇ ਹਨ ਅਤੇ ਝੂਠੀਆਂ ਰਿਪੋਰਟਾਂ ਬਣਾ ਕੇ ਦਿੱਲੀ ਭੇਜੀਆਂ ਜਾ ਰਹੀਆਂ। ਖਹਿਰਾ ਨੇ ਕਿਹਾ ਕਿ 2019 ਦੀਆਂ ਚੋਣਾਂ ਸਿਰ 'ਤੇ ਹਨ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਇਨ੍ਹਾਂ ਚਾਲਾਂ ਤੋਂ ਉਪਰ ਉੱਠ ਕੇ ਧਰਮਵੀਰ ਗਾਂਧੀ ਵਰਗੇ ਇਮਾਨਦਾਰ ਆਗੂਆਂ ਨੂੰ ਮੁੜ ਪਾਰਟੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਸਾਜ਼ਿਸ਼ਾਂ ਕਰੇਕ ਜੜ੍ਹਾਂ ਵੱਢਣ ਦਾ ਕੰਮ ਕਰਨਾ ਚਾਹੀਦਾ ਹੈ।


Related News