ਦਿਨਕਰ ਗੁਪਤਾ ਦੱਸਣ ਫਾਦਰ ਐਨਥਨੀ ਦੇ 7 ਕਰੋੜ ਕਿਥੇ ਗਏ  : ਖਹਿਰਾ

04/09/2019 2:54:37 PM

ਬਠਿੰਡਾ (ਵਰਮਾ) : ਪੰਜਾਬ ਏਕਤਾ ਪਾਰਟੀ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਮਾਇਆਵਤੀ ਨੂੰ ਡੈਮੋਕ੍ਰੇਟਿਕ ਅਲਾਇੰਸ ਸਮਰਥਨ ਕਰਦਾ ਹੈ, ਉਥੇ ਹੀ ਉਹ ਇਕ ਕਾਬਿਲ ਆਗੂ ਹੈ, ਜੋ ਦੇਸ਼ ਨੂੰ ਇਕ ਲੜੀ 'ਚ ਪਰੋ ਸਕਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਇਕ ਵੱਡੀ ਰੈਲੀ ਕੀਤੀ ਜਾਵੇਗੀ, ਜਿਸ 'ਚ ਮਾਇਆਵਤੀ ਸਮੇਤ ਕਈ ਕੇਂਦਰੀ ਆਗੂ ਪਹੁੰਚਣਗੇ। ਕੇਜਰੀਵਾਲ 'ਤੇ ਗਰਜਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਵਿਚਾਰਧਾਰਾ ਤੋਂ ਹਟ ਗਏ ਹਨ। ਉਸਦੇ ਅਸੂਲ ਵੀ ਨਹੀਂ ਰਹੇ, ਜਿਸ ਲਈ ਅੰਨਾ ਹਜ਼ਾਰੇ ਨੇ ਸੰਘਰਸ਼ ਕੀਤਾ ਸੀ। ਅੰਨਾ ਹਜ਼ਾਰੇ ਮੂਵਮੈਂਟ ਭ੍ਰਿਸ਼ਟਾਚਾਰ ਖਿਲਾਫ ਸੀ, ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਕਾਂਗਰਸ 'ਤੇ ਨਿਸ਼ਾਨਾ ਸੀ। ਹੁਣ ਉਥੋਂ ਦੇ ਕੇਜਰੀਵਾਲ ਦਿੱਲੀ 'ਚ ਕਾਂਗਰਸ ਨਾਲ ਹੱਥ ਮਿਲਾਉਣ ਜਾ ਰਹੇ ਹਨ, ਉਹ ਹਰਿਆਣਾ ਤੇ ਪੰਜਾਬ 'ਚ ਵੀ ਕਾਂਗਰਸ ਨਾਲ ਮਿਲ ਕੇ ਚੋਣ ਲੜ ਸਕਦੀ ਹੈ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਿਆ, ਜਦਕਿ ਉਨ੍ਹਾਂ ਦੇ ਵੱਡੇ ਦਿੱਗਜ ਆਗੂ ਵੀ ਉਸਨੂੰ ਛੱਡ ਗਏ। ਹੁਣ ਅਲਕਾ ਲਾਂਬਾ ਨੇ ਵੀ ਉਸਦਾ ਸਾਥ ਛੱਡ ਦਿੱਤਾ ਹੈ।

ਖਹਿਰਾ ਨੇ ਕਿਹਾ ਕਿ ਫਾਦਰ ਐਨਥਨੀ ਤੋਂ 16 ਕਰੋੜ 66 ਲੱਖ ਰੁਪਏ ਬਰਾਮਦ ਕੀਤੇ ਸੀ, ਜਦਕਿ ਪੁਲਸ ਨੇ 9 ਕਰੋੜ 77 ਲੱਖ ਹੀ ਦਿਖਾਏ ਬਾਕੀ ਦੇ 7 ਕਰੋੜ ਕਿਥੇ ਗਏ ਇਸਦਾ ਕੋਈ ਖੁਲਾਸਾ ਨਹੀਂ। ਜਲੰਧਰ ਦੀ ਪੁਲਸ 3 ਜ਼ਿਲਿਆਂ ਨੂੰ ਪਾਰ ਕਰਕੇ ਐਨਥਨੀ ਦੇ ਘਰ ਛਾਪਾ ਮਾਰਨ ਗਈ, ਜਦਕਿ ਛਾਪੇ 'ਚ 4 ਲੋਕ ਉਹ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦਿਨਕਰ ਗੁਪਤਾ ਨੂੰ ਖੰਨਾ 'ਚ ਤਾਇਨਾਤ ਕੀਤਾ ਸੀ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਸੋਮਵਾਰ ਸ਼ਾਮ ਤਕ ਉਸ 7 ਕਰੋੜ ਰੁਪਏ ਬਾਰੇ ਦੱਸਿਆ ਨਾ ਤਾਂ ਮੰਗਲਵਾਰ ਨੂੰ ਡੈਮੋਕ੍ਰੇਟਿਕ ਅਲਾਇੰਸ ਚੋਣ ਕਮਿਸ਼ਨ ਕੋਲ ਉਨ੍ਹਾਂ ਦੀ ਸ਼ਿਕਾਇਤ ਕਰੇਗਾ ਅਤੇ ਉਸਨੂੰ ਪੰਜਾਬ ਤੋਂ ਬਾਹਰ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿਚ ਚੁੱਪੀ ਧਾਰਨ ਕੀਤੇ ਹੋਏ ਹਨ, ਜਦਕਿ ਫਾਦਰ ਐਨਥਨੀ ਵਾਰ-ਵਾਰ ਕਹਿ ਰਹੇ ਹਨ ਉਨ੍ਹਾਂ ਦੇ 7 ਕਰੋੜ ਕਿਥੇ ਗਏ। ਖਹਿਰਾ ਨੇ ਕਿਹਾ ਕਿ ਪੁਲਸ ਨੇ ਆਮਦਨ ਵਿਭਾਗ ਅਤੇ ਈ. ਡੀ. ਤਕ ਨੂੰ ਵੀ ਇਸਦੀ ਭਿਣਕ ਨਹੀਂ ਲੱਗਣ ਦਿੱਤੀ, ਜਦਕਿ ਕੈਸ਼ ਬਰਾਮਦ ਕਰਨਾ ਪੁਲਸ ਦੇ ਦਾਇਰੇ ਵਿਚ ਨਹੀਂ ਆਉਂਦਾ। ਉਨ੍ਹਾਂ ਨੇ ਪੁਲਸ ਨੂੰ ਵਰਦੀਧਾਰੀ ਗੁੰਡਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ 'ਚ ਹੁਣ ਇਨ੍ਹਾਂ ਦਾ ਹੀ ਰਾਜ ਚਲ ਰਿਹਾ ਹੈ, ਜਦਕਿ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ।


Anuradha

Content Editor

Related News