ਡਿਪਟੀ ਕਤਲ ਮਾਮਲੇ 'ਚ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਨੇ ਖੋਲ੍ਹੇ ਵੱਡੇ ਰਾਜ਼, ਸੁਪਾਰੀ ਲੈਣ ਦੀ ਗੱਲ ਆਈ ਸਾਹਮਣੇ
Sunday, Aug 08, 2021 - 08:53 PM (IST)
ਜਲੰਧਰ (ਵਰੁਣ, ਸੁਧੀਰ)– ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਕੌਸ਼ਲ ਦੀ ਡਿਪਟੀ ਕਤਲ ਕਾਂਡ ਵਿਚ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਤੋਂ ਪਹਿਲਾਂ ਜਲੰਧਰ ਪੁਲਸ ਕੌਸ਼ਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪੁਸ਼ਟੀ ਨਹੀਂ ਕਰ ਰਹੀ ਸੀ ਪਰ ਜਲੰਧਰ ਪੁਲਸ ਨੇ ਸਖ਼ਤ ਸੁਰੱਖਿਆ ਹੇਠ ਕੌਸ਼ਲ ਨੂੰ ਸ਼ਨੀਵਾਰ ਅਦਾਲਤ ਵਿਚ ਦੋਬਾਰਾ ਪੇਸ਼ ਕੀਤਾ ਅਤੇ ਉਸ ਦਾ 5 ਦਿਨਾਂ ਦਾ ਰਿਮਾਂਡ ਲਿਆ ਗਿਆ ਹੈ। ‘ਜਗ ਬਾਣੀ’ ਨੇ ਸਭ ਤੋਂ ਪਹਿਲਾਂ ਕੌਸ਼ਲ ਦੀ ਡਿਪਟੀ ਕਤਲ ਕਾਂਡ ਵਿਚ ਭੂਮਿਕਾ ਹੋਣ ਦੀ ਪੁਸ਼ਟੀ ਕੀਤੀ ਸੀ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਮੌਕੇ ਥਾਣਾ ਨੰਬਰ 2 ਦੀ ਪੁਲਸ ਤੋਂ ਇਲਾਵਾ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਵੀ ਮੌਜੂਦ ਸੀ।
ਕਤਲ ਲਈ ਭੇਜੇ ਸਨ ਸ਼ਾਰਟ ਸ਼ੂਟਰ
ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਕੌਸ਼ਲ ਨੇ ਹੀ ਡਿਪਟੀ ਨੂੰ ਕਤਲ ਕਰਨ ਲਈ ਆਪਣੇ ਗੈਂਗ ਦੇ ਸ਼ਾਰਪ ਸ਼ੂਟਰਸ ਭੇਜੇ ਸਨ। ਡਿਪਟੀ ਦਾ ਕਤਲ ਸੁਪਾਰੀ ਲੈ ਕੇ ਕੀਤਾ ਦੱਸਿਆ ਜਾ ਰਿਹਾ ਹੈ ਪਰ ਜਿਸ ਵਿਅਕਤੀ ਨੇ ਸੁਪਾਰੀ ਦਿੱਤੀ ਸੀ, ਕੌਸ਼ਲ ਦੀ ਉਸ ਨਾਲ ਸਿੱਧੀ ਡੀਲ ਨਹੀਂ ਹੋਈ ਸੀ। ਕੌਸ਼ਲ ਸੁਪਾਰੀ ਦੇਣ ਵਾਲੇ ਅਤੇ ਲੈਣ ਵਾਲੇ ਵਿਚਕਾਰਲੀ ਕੜੀ ਦੱਸਿਆ ਜਾ ਰਿਹਾ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਿਪਟੀ ਦੇ ਕਤਲ ਤੋਂ ਬਾਅਦ ਕੌਸ਼ਲ ਨੂੰ ਕੋਈ ਪੈਸਾ ਨਹੀਂ ਮਿਲਿਆ ਕਿਉਂਕਿ ਉਸ ਨੇ ਗੁੱਡ ਫੇਥ ’ਤੇ ਇਹ ਡੀਲ ਕੀਤੀ ਸੀ। ਕੌਸ਼ਲ ਨੂੰ ਪਹਿਲਾਂ ਵੀ ਰਿਮਾਂਡ ’ਤੇ ਲਿਆ ਜਾ ਚੁੱਕਾ ਹੈ ਪਰ ਡਿਪਟੀ ਨੂੰ ਮਾਰਨ ਲਈ ਸੁਪਾਰੀ ਕਿਸ ਨੇ ਦਿੱਤੀ, ਅਜੇ ਤੱਕ ਉਸ ਬਾਰੇ ਪਤਾ ਨਹੀਂ ਲੱਗ ਸਕਿਆ। ਸੂਤਰਾਂ ਦੀ ਮੰਨੀਏ ਤਾਂ ਉਸ ਵਿਅਕਤੀ ਤੱਕ ਪਹੁੰਚਣ ਲਈ ਪੁਲਸ ਕੌਸ਼ਲ ਨਾਲ ਜੁੜੀ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕਰ ਰਹੀ ਸੀ। ਪੁਲਸ ਦਾ ਫੋਕਸ ਹੁਣ ਸੁਪਾਰੀ ਦੇਣ ਵਾਲੇ ’ਤੇ ਹੈ, ਜਦੋਂ ਕਿ ਸ਼ੂਟਰਾਂ ਬਾਰੇ ਵੀ ਪਤਾ ਲਾਇਆ ਜਾ ਰਿਹਾ ਹੈ। ਦਰਅਸਲ ਕੌਸ਼ਲ ਹਾਰਡ ਕੋਰ ਕ੍ਰਿਮੀਨਲ ਹੈ, ਜਿਸ ਕਾਰਨ ਉਸ ਕੋਲੋਂ ਸੱਚ ਬੁਲਵਾਉਣ ਲਈ ਪੁਲਸ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਗਰਭਵਤੀ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ 'ਚ ਮੌਤ, ਸਹੁਰਿਆਂ 'ਤੇ ਲੱਗੇ ਗੰਭੀਰ ਇਲਜ਼ਾਮ
ਜ਼ਿਕਰਯੋਗ ਹੈ ਕਿ 20 ਜੂਨ ਦੀ ਸ਼ਾਮ ਨੂੰ ਸੁਖਮੀਤ ਸਿੰਘ ਡਿਪਟੀ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਡਿਪਟੀ ਆਪਣੇ ਕਿਸੇ ਜਾਣਕਾਰ ਨੌਜਵਾਨ ਦੇ ਜਨਮ ਦਿਨ ਦਾ ਕੇਕ ਕਟਵਾਉਣ ਲਈ ਬੁਲੇਟ ਮੋਟਰਸਾਈਕਲ ’ਤੇ ਜਾ ਰਿਹਾ ਸੀ। ਕਤਲ ਦੇ ਕੁਝ ਹੀ ਦਿਨਾਂ ਬਾਅਦ ਬੰਬੀਹਾ ਗਰੁੱਪ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਫੇਸਬੁੱਕ ’ਤੇ ਪੋਸਟ ਪਾ ਕੇ ਕਿਹਾ ਸੀ ਕਿ ਡਿਪਟੀ ਨੂੰ ਉਨ੍ਹਾਂ ਦੇ ਗੈਂਗ ਦੇ ਪੁਨੀਤ ਨੇ ਕਤਲ ਕੀਤਾ ਹੈ। ਇਸ ਮਾਮਲੇ ਨੂੰ ਟਰੇਸ ਕਰਨ ਲਈ ਪੁਲਸ ਕਮਿਸ਼ਨਰ ਵੱਲੋਂ ਲਗਭਗ ਅੱਧੀ ਦਰਜਨ ਪੁਲਸ ਟੀਮਾਂ ਬਣਾਈਆਂ ਗਈਆਂ ਸਨ।
21 ਸਾਲ ਦੀ ਉਮਰ ’ਚ ਕੌਸ਼ਲ ਨੇ ਕੀਤਾ ਸੀ ਪਹਿਲਾ ਕਤਲ
ਗੁਰੂਗ੍ਰਾਮ ਵਿਚ ਦਾਊਦ ਇਬਰਾਹਿਮ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਕੌਸ਼ਲ ਕਾਫ਼ੀ ਚਲਾਕ ਹੈ। ਉਸ ਨੇ 21 ਸਾਲ ਦੀ ਉਮਰ ਵਿਚ ਪਹਿਲਾ ਕਤਲ ਕੀਤਾ ਸੀ। ਉਸ ਨੇ ਆਪਣੇ ਭਰਾ ਨੂੰ ਮਾਰਨ ਵਾਲੇ ਗੈਂਗਸਟਰ ਦੀ ਨੂੰਹ ਨੂੰ ਕਤਲ ਕਰ ਦਿੱਤਾ ਸੀ, ਜਦੋਂ ਕਿ ਉਸ ਦਾ ਗੈਂਗ ਵੀ ਖ਼ਤਮ ਕਰ ਦਿੱਤਾ। ਜਲੰਧਰ ਪੁਲਸ ਕੋਲ ਕੌਸ਼ਲ ਅਤੇ ਉਸ ਵੱਲੋਂ ਕਰਵਾਏ ਕਤਲਾਂ ਦੀ ਲਿਸਟ ਹੈ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਤਰਨਤਾਰਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦਾ ਭੰਬਲਭੂਸਾ
ਕੌਸ਼ਲ ਦੇ ਨਾਂ ਹੈ 38 ਕਤਲਾਂ ਦੀ ਲਿਸਟ
ਕੌਸ਼ਲ ਦੇ ਨਾਂ ਕੁੱਲ 38 ਕਤਲ ਹਨ, ਜਿਨ੍ਹਾਂ ਵਿਚੋਂ ਕੁਝ ਉਸ ਨੇ ਕੀਤੇ ਹਨ ਅਤੇ ਕੁਝ ਆਪਣੇ ਸ਼ੂਟਰਾਂ ਕੋਲੋਂ ਕਰਵਾਏ ਹਨ। ਮੋਸਟ ਵਾਂਟੇਡ ਹੋਣ ’ਤੇ ਜਦੋਂ ਕੌਸ਼ਲ ਦੇ ਪਿੱਛੇ ਹਰਿਆਣਾ ਦੀ ਪੁਲਸ ਲੱਗੀ ਸੀ ਤਾਂ ਉਹ ਵਿਦੇਸ਼ ਭੱਜ ਗਿਆ ਸੀ। ਉਥੇ ਉਸ ਨੇ ਬੁੱਕੀ ਦਾ ਕੰਮ ਕੀਤਾ। ਜਦੋਂ ਉਹ ਵਾਪਸ ਆਇਆ ਤਾਂ ਹਰਿਆਣਾ ਪੁਲਸ ਦੀ ਐੱਸ. ਟੀ. ਐੱਫ. ਦੀ ਟੀਮ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਕੌਸ਼ਲ ਹੁਣ ਜੇਲ ਵਿਚ ਬੈਠ ਕੇ ਆਪਣਾ ਗੈਂਗ ਚਲਾਉਂਦਾ ਹੈ। ਉਸ ਖ਼ਿਲਾਫ਼ ਫਿਰੌਤੀ ਲਈ ਵੱਡੇ-ਵੱਡੇ ਕਾਰੋਬਾਰੀਆਂ ਨੂੰ ਧਮਕਾਉਣ ਦੇ ਵੀ ਕੇਸ ਦਰਜ ਹਨ।
ਕੋਰਡ ਵਰਡ ਜ਼ਰੀਏ ਹੋਈ ਸੀ ਗੱਲ
ਡਿਪਟੀ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਕੌਸ਼ਲ ਅਤੇ ਉਸ ਨੂੰ ਸੁਪਾਰੀ ਦੇਣ ਵਾਲੇ ਵਿਚਕਾਰ ਕੋਰਡ ਵਰਡ ਜ਼ਰੀਏ ਗੱਲ ਹੋਈ ਸੀ। ਇਸੇ ਤਰ੍ਹਾਂ ਕੌਸ਼ਲ ਨੇ ਵੀ ਬਾਹਰ ਮੌਜੂਦ ਆਪਣੇ ਗੈਂਗ ਦੇ ਸ਼ੂਟਰਾਂ ਨਾਲ ਕੋਰਡ ਵਰਡ ਵਿਚ ਗੱਲ ਕੀਤੀ। ਕਾਰਨ ਇਹ ਸੀ ਕਿ ਸੋਸ਼ਲ ਮੀਡੀਆ ’ਚ ਕੀਤੀ ਗਈ ਚੈਟਿੰਗ ਰਿਕਵਰ ਹੋ ਜਾਂਦੀ ਹੈ। ਅਜਿਹੇ ਵਿਚ ਪੁਲਸ ਉਸ ਕੋਰਡ ਵਰਡ ਨੂੰ ਬ੍ਰੇਕ ਕਰਨ ਵਿਚ ਵੀ ਲੱਗੀ ਹੋਈ ਹੈ।
ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ