ਚੰਡੀਗੜ੍ਹ ਦੀ ਸ਼ਾਨ ''ਸੁਖਨਾ ਝੀਲ'' ਇਸ ਵਾਰ ਬਾਰਸ਼ ਦੇ ਪਾਣੀ ਨਾਲ ਭਰੀ, ਇੰਝ ਨਿਕਲੇਗਾ ਪੱਕਾ ਹੱਲ
Friday, Sep 08, 2017 - 10:54 AM (IST)
ਚੰਡੀਗੜ੍ਹ (ਵਿਜੇ) : ਅਗਲੇ ਸਾਲ ਤਾਂ ਸੁਖਨਾ ਲੇਕ 'ਚ ਪਾਣੀ ਦੇ ਲੈਵਲ ਦੀ ਦਿੱਕਤ ਤਾਂ ਦੂਰ ਹੋ ਗਈ ਹੈ ਪਰ ਭਵਿੱਖ 'ਚ ਇਸ ਸਾਲ ਵਰਗੀ ਸਥਿਤੀ ਮੁੜ ਨਾ ਆਏ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰਨ ਦੇ ਪ੍ਰਾਜੈਕਟ 'ਤੇ ਪ੍ਰਸ਼ਾਸਨ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਆਈ. ਆਈ. ਟੀ. ਮੁੰਬਈ ਦੇ ਪ੍ਰੋਫੈਸਰ ਸ਼ੰਕਰ ਨੇ ਇਸ ਪ੍ਰਾਜੈਕਟ ਦੀ ਪ੍ਰੈਜ਼ੈਂਟੇਸ਼ਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ। ਯੂ. ਟੀ. ਸਕੱਤਰੇਤ 'ਚ ਹੋਈ ਇਸ ਮੀਟਿੰਗ ਦੌਰਾਨ ਪ੍ਰੋ. ਸ਼ੰਕਰ ਨੇ ਦੱਸਿਆ ਕਿ ਕਿਸ ਤਰ੍ਹਾਂ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕਰ ਕੇ ਸੁਖਨਾ ਲੇਕ 'ਚ ਪਾ ਕੇ ਲੇਕ ਨੂੰ ਸੁੱਕਣ ਤੋਂ ਹਰ ਸਾਲ ਬਚਾਇਆ ਜਾ ਸਕਦਾ ਹੈ। ਪ੍ਰੋ. ਸ਼ੰਕਰ ਨੇ ਦੱਸਿਆ ਕਿ ਦੇਸ਼ 'ਚ ਕਾਫੀ ਥਾਵਾਂ 'ਤੇ ਉਨ੍ਹਾਂ ਦੇ ਪਲਾਂਟ ਚੱਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਲਾਂਟ ਇੰਝ ਕੰਮ ਕਰੇਗਾ ਜਿਸ ਨਾਲ ਸੁਖਨਾ 'ਚ 3 ਬਾਇਓਲਾਜੀਕਲ ਆਕਸੀਜਨ ਡਿਮਾਂਡ (ਬੀ. ਓ. ਡੀ.) ਤੋਂ ਘੱਟ ਵਾਲਾ ਪਾਣੀ ਪਾਇਆ ਜਾ ਸਕਦਾ ਹੈ। ਅਜਿਹਾ ਇਕ ਪਲਾਂਟ ਮੁੰਬਈ 'ਚ ਵੀ ਉਹ ਲਾ ਚੁੱਕੇ ਹਨ। ਪ੍ਰੋ. ਸ਼ੰਕਰ ਆਪਣੀ ਇਸ ਟੈਕਨਾਲੋਜੀ ਨੂੰ ਪੇਟੈਂਟ ਕਰਵਾ ਚੁੱਕੇ ਹਨ। ਦੂਜੀਆਂ ਕੰਪਨੀਆਂ ਵੀ ਉਨ੍ਹਾਂ ਤੋਂ ਹੀ ਇਸ ਟੈਕਨਾਲੋਜੀ ਨੂੰ ਲੈਂਦੀਆਂ ਹਨ।
