ਸਿਟੀ ਬਿਊਟੀਫੁੱਲ ਦੀ ਸੁਖਨਾ ਝੀਲ'' ''ਤੇ ਆਯੋਜਿਤ ਹੋਵੇਗਾ ਦੇਸ਼ ਦਾ ਪਹਿਲਾ ''ਮਿਲਟਰੀ ਲਿਟਰੇਚਰ ਫੈਸਟੀਵਲ''
Saturday, Nov 11, 2017 - 11:03 AM (IST)
ਚੰਡੀਗੜ੍ਹ (ਪਰਾਸ਼ਰ) : ਸਿਟੀ ਬਿਊਟੀਫੁੱਲ ਦੀ 'ਸੁਖਨਾ ਝੀਲ' ਦੇ ਕਿਨਾਰੇ 'ਤੇ 7 ਤੋਂ 9 ਦਸੰਬਰ ਤੱਕ ਭਾਰਤ ਦਾ ਪਹਿਲਾ 'ਮਿਲਟਰੀ ਲਿਟਰੇਚਰ ਫੈਸਟੀਵਲ' ਆਯੋਜਿਤ ਕੀਤਾ ਜਾਵੇਗਾ, ਜਿਸ 'ਚ ਦੇਸ਼-ਵਿਦੇਸ਼ ਦੇ ਸੁਰੱਖਿਆ ਮਾਹਿਰ ਹਿੱਸਾ ਲੈਣਗੇ। ਇਸ ਮੌਕੇ 'ਤੇ ਭਾਰਤੀ ਸੁਰੱਖਿਆ ਬਲਾਂ ਦੇ ਇਤਿਹਾਸ ਅਤੇ ਸਮਰੱਥਾ ਬਾਰੇ ਵੀ ਦੱਸਿਆ ਜਾਵੇਗਾ। ਫੈਸਟੀਵਲ ਦਾ ਮੁੱਖ ਟੀਚਾ ਥਲ, ਹਵਾਈ ਅਤੇ ਜਲ ਸੈਨਾ ਦੇ ਬਹਾਦਰਾਂ ਦੇ ਕਾਰਨਾਮਿਆਂ ਅਤੇ ਉਨ੍ਹਾਂ ਦੇ ਬਲੀਦਾਨਾਂ ਨੂੰ ਉਜਾਗਰ ਕਰਦਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 'ਮਿਲਟਰੀ ਲਿਟਰੇਚਰ ਫੈਸਟੀਵਲ' ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਪਹਿਲ ਕਦਮੀ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਨਾਲ ਭਾਰਤ ਦੇ ਸੁਰੱਖਿਆ ਬਲਾਂ ਦੀਆਂ ਪ੍ਰਾਪਤੀਆਂ ਨੂੰ ਲਿਟਰੇਚਰ, ਆਰਟ, ਸੰਗੀਤ, ਫੋਟੋਗ੍ਰਾਫੀ, ਸੈਮੀਨਾਰਾਂ ਆਦਿ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਦੇਸ਼ ਦੀਆਂ ਮਸ਼ਹੂਰ ਡਿਫੈਂਸ ਮਾਹਿਰ, ਲੇਖਕ, ਕਵੀ ਅਤੇ ਮੀਡੀਆ ਸ਼ਖਸੀਅਤਾਂ ਇਸ 'ਚ ਹਿੱਸਾ ਲੈਣਗੀਆਂ ਅਤੇ ਪੰਜਾਬ ਦੇ ਯੋਗਦਾਨ ਨੂੰ ਖਾਸ ਤੌਰ 'ਤੇ ਉਜਾਗਰ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਫੈਸਟੀਵਲ 'ਚ ਟ੍ਰਾਈਸਿਟੀ ਦੇ ਪੇਂਡੂ ਇਲਾਕਿਆਂ ਤੋਂ ਕੋਈ 1200 ਸਕੂਲੀ ਬੱਚਿਆਂ ਨੂੰ ਇਸ 'ਚ ਹਿੱਸਾ ਲੈਣ ਲਈ ਖਾਸ ਤੌਰ 'ਤੇ ਸੱਦਾ ਦਿੱਤਾ ਜਾ ਰਿਹਾ ਹੈ। ਪ੍ਰੋਗਰਾਮ ਤਹਿਤ 8 ਅਤੇ 9 ਦਸੰਬਰ ਨੂੰ ਬੱਚਿਆਂ ਦਾ ਸਾਬਕਾ ਫੌਜੀਆਂ ਨਾਲ ਇੰਟਰਐਕਸ਼ਨ ਕਰਾਇਆ ਜਾਵੇਗਾ। ਸਿੱਧੂ ਨੇ ਕਿਹਾ ਕਿ ਫੈਸਟੀਵਲ ਦੇ ਆਯੋਜਨ ਲਈ 18 ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਫੈਸਟੀਵਲ ਦੀ ਸ਼ੁਰੂਆਤ 11 ਨਵੰਬਰ ਨੂੰ ਪਟਿਆਲਾ 'ਚ ਪੋਲੋ ਮੈਚ ਤੋਂ ਸ਼ੁਰੂ ਹੋਵੇਗੀ, ਜਿਸ 'ਚ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਤੋਂ ਇਲਾਵਾ ਸੀਨੀਅਰ ਰੱਖਿਆ ਅਧਿਕਾਰੀ ਵੀ ਹਿੱਸਾ ਲੈਣਗੇ।
