ਸੁਖਮੀਤ ਡਿਪਟੀ ਕਤਲ ਕਾਂਡ ''ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ

Wednesday, Jun 23, 2021 - 10:23 AM (IST)

ਸੁਖਮੀਤ ਡਿਪਟੀ ਕਤਲ ਕਾਂਡ ''ਚ ਸਾਹਮਣੇ ਆਈ ਨਵੀਂ ਗੱਲ, ਕਬੱਡੀ ਖਿਡਾਰੀ ਦੀ ਕਾਰ ਦਾ ਨੰਬਰ ਲਾ ਕੇ ਆਏ ਸਨ ਮੁਲਜ਼ਮ

ਜਲੰਧਰ (ਸੁਧੀਰ)– ਸਥਾਨਕ ਗੋਪਾਲ ਨਗਰ ਨੇੜੇ ਪੈਂਦੀ ਦਾਣਾ ਮੰਡੀ ਦੇ ਬਾਹਰ ਮਿੱਕੀ ਅਗਵਾ ਕਾਂਡ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਕਤਲ ਕਾਂਡ ਵਿਚ ਵਰਤੀ ਗਈ ਸਵਿੱਫਟ ਕਾਰ ਦਾ ਨੰਬਰ ਫਰਜ਼ੀ ਨਿਕਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੀ ਕਾਰ ਦੇ ਨੰਬਰ ਦੇ ਆਧਾਰ ’ਤੇ ਕਮਿਸ਼ਨਰੇਟ ਪੁਲਸ ਕਾਰ ਦੇ ਮਾਲਕਾਂ ਤੱਕ ਪਹੁੰਚੀ ਤਾਂ ਉਹ ਕਬੱਡੀ ਖਿਡਾਰੀ ਦੀ ਨਿਕਲੀ, ਜਿਸ ਨੂੰ ਪੁਲਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਅਤੇ ਜਾਂਚ ਲਈ ਉਕਤ ਕਾਰ ਨੂੰ ਵੀ ਥਾਣੇ ਲਿਆਈ। ਜਾਂਚ ਵਿਚ ਖ਼ੁਲਾਸਾ ਹੋਇਆ ਕਿ ਵਾਰਦਾਤ ਵਿਚ ਵਰਤੀ ਗਈ ਸਵਿੱਫਟ ਕਾਰ ’ਤੇ ਮੁਲਜ਼ਮਾਂ ਨੇ ਕਬੱਡੀ ਖਿਡਾਰੀ ਦੀ ਕਾਰ ਦਾ ਫਰਜ਼ੀ ਨੰਬਰ ਲਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਪੁਲਸ ਮੁਤਾਬਕ ਸੀ. ਸੀ. ਟੀ. ਵੀ. ਫੁਟੇਜ ਵਿਚ ਮੁਲਜ਼ਮਾਂ ਦੀ ਸਵਿੱਫਟ ਕਾਰ ਦੀ ਛੱਤ ਦਾ ਰੰਗ ਸਫੈਦ ਸੀ, ਜਦੋਂ ਕਿ ਪੁਲਸ ਜਾਂਚ ਵਿਚ ਕਬੱਡੀ ਖਿਡਾਰੀ ਦੀ ਬਰਾਮਦ ਸਵਿੱਫਟ ਕਾਰ ਦੀ ਛੱਤ ਕਾਲੇ ਰੰਗ ਦੀ ਸੀ। ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ ਸਵਿੱਫਟ ਕਾਰ ’ਤੇ ਫਰਜ਼ੀ ਨੰਬਰ ਲਾਇਆ ਹੋਇਆ ਸੀ। ਜਾਂਚ ਤੋਂ ਬਾਅਦ ਪੁਲਸ ਨੇ ਕਬੱਡੀ ਖਿਡਾਰੀ ਦੀ ਕਾਰ ਵਾਪਸ ਭੇਜ ਦਿੱਤੀ। ਦੂਜੇ ਪਾਸੇ ਵਾਰਦਾਤ ਦੇ 2 ਦਿਨਾਂ ਬਾਅਦ ਵੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

ਜਲੰਧਰ ਦੀ ਇਸ ਬੀਬੀ ਨੇ ਵਿਦੇਸ਼ ’ਚ ਗੱਡੇ ਝੰਡੇ, ਕੈਨੇਡਾ ’ਚ ਮੰਤਰੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

PunjabKesari

ਵਰਣਨਯੋਗ ਹੈ ਕਿ ਬੀਤੇ ਦਿਨੀਂ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ’ਤੇ ਨਵੀਂ ਦਾਣਾ ਮੰਡੀ ਸਥਿਤ ਮਾਈ ਬਾਪ ਸਵੀਟ ਸ਼ਾਪ ਨੇੜੇ ਸਵਿੱਫਟ ਕਾਰ ਸਵਾਰ ਮੁਲਜ਼ਮਾਂ ਨੇ ਪਹਿਲਾਂ ਡਿਪਟੀ ਦੇ ਬੁਲੇਟ ਮੋਟਰਸਾਈਕਲ ’ਚ ਟੱਕਰ ਮਾਰੀ, ਜਿਸ ਤੋਂ ਬਾਅਦ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਭਾਜੜ ਮਚ ਗਈ। ਪੁਲਸ ਨੇ ਡਿਪਟੀ ਦੇ ਪਿਤਾ ਦੇ ਬਿਆਨਾਂ ’ਤੇ ਕਤਲ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਨਮਦਿਨ ਦਾ ਕੇਕ ਕੱਟਣ ਜਾ ਰਿਹਾ ਸੀ ਸੁਖਮੀਤ, ਇਹ ਨਹੀਂ ਸੀ ਪਤਾ ਕਿ ਮੌਤ ਪਾ ਲਵੇਗੀ ਘੇਰਾ, ਰੇਕੀ ਤੋਂ ਬਾਅਦ ਹੋਇਆ ਕਤਲ

ਰੇਕੀ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਪੁਲਸ ਜਾਂਚ ’ਚ ਹੋਇਆ ਖ਼ੁਲਾਸਾ
ਪੁਲਸ ਦੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਰੇਕੀ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਤੋਂ ਪਹਿਲਾਂ ਲਗਭਗ 3 ਘੰਟੇ ਮੁਲਜ਼ਮ ਆਪਣੀ ਸਵਿੱਫਟ ਕਾਰ ਵਿਚ ਡਿਪਟੀ ਦੇ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ ਅਤੇ ਕੁਝ ਸਮਾਂ ਉਕਤ ਕਾਰ ਡਿਪਟੀ ਦੇ ਮੁਹੱਲੇ ਵਿਚ ਵੀ ਖੜ੍ਹੀ ਦਿਖਾਈ ਦਿੱਤੀ। ਇਸ ਗੱਲ ਦਾ ਖੁਲਾਸਾ ਡਿਪਟੀ ਦੇ ਘਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿਚ ਹੋਇਆ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਤਰਸ ਦੇ ਆਧਾਰ 'ਤੇ ਨੌਕਰੀਆਂ ਦਾ ਮੁੱਦਾ ਭਖਣ ਮਗਰੋਂ ਪ੍ਰਤਾਪ ਬਾਜਵਾ ਦੀ ਵਿਧਾਇਕਾਂ ਨੂੰ ਸਲਾਹ

ਦੂਜੇ ਪਾਸੇ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਦੀ ਵੀ ਫੁਟੇਜ ਕਢਵਾ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿੰਨੇ ਦਿਨਾਂ ਤੋਂ ਰੇਕੀ ਕਰ ਰਹੇ ਸਨ। ਜਾਂਚ ਵਿਚ ਇੰਨਾ ਖੁਲਾਸਾ ਹੋ ਗਿਆ ਕਿ ਮੁਲਜ਼ਮਾਂ ਨੇ ਰੇਕੀ ਕਰਨ ਤੋਂ ਬਾਅਦ ਹੀ ਵਾਰਦਾਤ ਨੂੰ ਅੰਜਾਮ ਦਿੱਤਾ। ਡਿਪਟੀ ਦੇ ਪਿਤਾ ਦੇ ਬਿਆਨਾਂ ਮੁਤਾਬਕ ਜਿਉਂ ਹੀ ਉਨ੍ਹਾਂ ਦਾ ਬੇਟਾ ਘਰੋਂ ਚਾਹ ਪੀ ਕੇ ਬਾਹਰ ਨਿਕਲਿਆ ਤਾਂ ਸਿਰਫ 4-5 ਮਿੰਟਾਂ ਵਿਚ ਹੀ ਉਸ ਨੂੰ ਗੋਲੀ ਲੱਗਣ ਦੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਆਪਣੇ ਭਤੀਜੇ ਨਾਲ ਘਟਨਾ ਸਥਾਨ ’ਤੇ ਪਹੁੰਚੇ ਅਤੇ ਗੰਭੀਰ ਜ਼ਖ਼ਮੀ ਹਾਲਤ ਵਿਚ ਡਿਪਟੀ ਨੂੰ ਕਪੂਰਥਲਾ ਚੌਕ ਨੇੜੇ ਸਥਿਤ ਸਤਿਅਮ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

PunjabKesari

ਡਿਪਟੀ ਦੀ ਕਾਲ ਡਿਟੇਲ ਦੀ ਜਾਂਚ ਕਰ ਰਹੀ ਪੁਲਸ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਸਥਾਨ ਤੋਂ ਪੁਲਸ ਨੂੰ ਡਿਪਟੀ ਦਾ ਮੋਬਾਇਲ ਫੋਨ ਬਰਾਮਦ ਹੋਇਆ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਸੀ। ਪੁਲਸ ਨੇ ਮਾਮਲੇ ਦੀ ਜਾਂਚ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਡਿਪਟੀ ਦੀ ਕਾਲ ਡਿਟੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜੇਲ੍ਹ ਵਿਚੋਂ ਆਉਣ ਤੋਂ ਬਾਅਦ ਡਿਪਟੀ ਦੀ ਕਿਹੜੇ-ਕਿਹੜੇ ਲੋਕਾਂ ਨਾਲ ਗੱਲਬਾਤ ਹੁੰਦੀ ਸੀ ਅਤੇ ਕਿਹੜੇ-ਕਿਹੜੇ ਲੋਕ ਡਿਪਟੀ ਦੇ ਸੰਪਰਕ ਵਿਚ ਸਨ ਅਤੇ ਕਿਹੜੇ-ਕਿਹੜੇ ਲੋਕਾਂ ਨਾਲ ਡਿਪਟੀ ਦੀ ਦਿਨ ਵਿਚ ਕਈ ਵਾਰ ਗੱਲ ਹੁੰਦੀ ਸੀ, ਦੇ ਆਧਾਰ ’ਤੇ ਪੁਲਸ ਉਕਤ ਲੋਕਾਂ ਦੀ ਵੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਲਈ ਬੁਲਾ ਰਹੀ ਹੈ। ਪੁਲਸ ਨੇ ਘਟਨਾ ਸਥਾਨ ਤੋਂ ਡੰਪ ਡਾਟਾ ਵੀ ਚੁੱਕਿਆ ਹੈ, ਜਿਸ ਜ਼ਰੀਏ ਵੀ ਮੁਲਜ਼ਮਾਂ ਤੱਕ ਪਹੁੰਚਣ ਲਈ ਪੁਲਸ ਸੁਰਾਗ ਲਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ: ਸੁਖਮੀਤ ਡਿਪਟੀ ਦੇ ਕਤਲ ਮਾਮਲੇ ’ਚ ਪੁਲਸ ਨੇ ਚਾਰ ਲੋਕ ਹਿਰਾਸਤ ’ਚ ਲਏ

ਜੇਲ੍ਹ ਨੈੱਟਵਰਕ ਦੀ ਵੀ ਜਾਂਚ ਵਿਚ ਲੱਗੀ ਪੁਲਸ
ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਪੁਲਸ ਡਿਪਟੀ ਦੇ ਜੇਲ੍ਹ ਦੇ ਨੈੱਟਵਰਕ ਦੀ ਵੀ ਜਾਂਚ ਵਿਚ ਲੱਗੀ ਹੋਈ ਹੈ, ਜਿਸ ਦੇ ਆਧਾਰ ’ਤੇ ਪੁਲਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਜਾਂਚ ਵਿਚ ਫਿਲਹਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਡਿਪਟੀ ਕਾਫ਼ੀ ਸਮਾਂ ਜੇਲ੍ਹ ਵਿਚ ਰਿਹਾ ਹੈ ਅਤੇ ਕੁਝ ਲੋਕਾਂ ਨਾਲ ਉਸ ਦੀ ਰੰਜਿਸ਼ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਸ ਉਕਤ ਲੋਕਾਂ ਦੀ ਜਾਣਕਾਰੀ ਵੀ ਹਾਸਲ ਕਰ ਰਹੀ ਹੈ। ਪੁਲਸ ਜੇਲ ਦੇ ਨੈੱਟਵਰਕ ਨੂੰ ਵੀ ਇਸ ਮਾਮਲੇ ਨਾਲ ਜੋੜ ਕੇ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜੇਲ ਵਿਚੋਂ ਪੈਰੋਲ ’ਤੇ ਬਾਹਰ ਆਏ ਲੋਕਾਂ ਦੀ ਵੀ ਸੂਚੀ ਪੁਲਸ ਹਾਸਲ ਕਰ ਰਹੀ ਹੈ ਕਿ ਇਨ੍ਹਾਂ ਵਿਚੋਂ ਕੋਈ ਡਿਪਟੀ ਦਾ ਨਜ਼ਦੀਕੀ ਤਾਂ ਨਹੀਂ ਜਾਂ ਕਿਸੇ ਨਾਲ ਉਸ ਦੀ ਰੰਜਿਸ਼ ਤਾਂ ਨਹੀਂ ਸੀ।

PunjabKesari

ਰੋਪੜ ਤੋਂ 4 ਲੋਕਾਂ ਨੂੰ ਹਿਰਾਸਤ ’ਚ ਲੈਣ ਦੀ ਚਰਚਾ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਇਸ ਮਾਮਲੇ ਵਿਚ ਰੋਪੜ ਤੋਂ 4 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਫਿਲਹਾਲ ਪੁਲਸ ਨੇ ਇਸ ਗੱਲ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਰੋਪੜ ਸਿਵਲ ਵਰਦੀ ਵਿਚ ਗਏ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਸਬੰਧੀ 4 ਲੋਕਾਂ ਨੂੰ ਹਿਰਾਸਤ ਵਿਚ ਲਿਆ। ਕਮਿਸ਼ਨਰੇਟ ਪੁਲਸ ਵੱਲੋਂ ਰੋਪੜ ਵਿਚ ਕਿਸੇ ਵਿਵਾਦ ਵਿਚ ਡਿਪਟੀ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਕਮਿਸ਼ਨਰੇਟ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਕਰ ਰਹੀ ਜਾਂਚ : ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਕਤਲ ਕਾਂਡ ਨੂੰ ਸੁਲਝਾਉਣ ਲਈ ਕਮਿਸ਼ਨਰੇਟ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਮਿਸ਼ਨਰੇਟ ਪੁਲਸ ਦੀਆਂ ਕਈ ਟੀਮਾਂ ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਸਰੋਆ, ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਸ਼ੇਤਰਾ, ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਹਰਮਿੰਦਰ ਸੈਣੀ, ਦਾਣਾ ਨੰਬਰ 2 ਦੇ ਇੰਚਾਰਜ ਸੁਖਬੀਰ ਸਿੰਘ ਅਤੇ ਹੋਰ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਦਿਨ-ਰਾਤ ਲੱਗੇ ਹੋਏ ਹਨ। ਭੁੱਲਰ ਨੇ ਦੱਸਿਆ ਕਿ ਪੁਲਸ ਦੇ ਹੱਥ ਇਸ ਮਾਮਲੇ ਵਿਚ ਕਈ ਅਹਿਮ ਸੁਰਾਗ ਲੱਗੇ ਹਨ ਤੇ ਮਾਮਲੇ ਨੂੰ ਸੁਲਝਾਉਣ ਲਈ ਪੁਲਸ ਡਿਪਟੀ ਦੇ ਨਜ਼ਦੀਕੀਆਂ ਅਤੇ ਕਈ ਸ਼ੱਕੀ ਲੋਕਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਵਿਚ ਲੱਗੀ ਹੋਈ ਹੈ ਅਤੇ ਮਾਮਲੇ ਨੂੰ ਟਰੇਸ ਕਰ ਕੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News