ਰੰਧਾਵਾ ਦਾ ''ਆਪ'' ''ਤੇ ਤੰਜ, ਕਿਹਾ-ਭਗਵੰਤ ਮਾਨ ਦੇ ਹੱਥਾਂ ’ਚ ਪੰਜਾਬ ਨਹੀਂ ਰਹੇਗਾ ਸੁਰੱਖਿਅਤ
Thursday, Feb 03, 2022 - 03:53 PM (IST)
ਜਲੰਧਰ (ਧਵਨ)– ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਦੇ ਹੱਥਾਂ ਵਿਚ ਪੰਜਾਬ ਸੁਰੱਖਿਅਤ ਨਹੀਂ ਰਹਿ ਸਕਦਾ। ਪੰਜਾਬ ਇਕ ਸਰਹੱਦੀ ਸੂਬਾ ਹੈ, ਜਿਸ ਦੀਆਂ ਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ। ਅਜਿਹੀ ਸਥਿਤੀ ਵਿਚ ਪੰਜਾਬ ਦੀ ਵਾਗਡੋਰ ਉਸ ਪਾਰਟੀ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ, ਜਿਸ ਨੂੰ ਰਾਜ ਸੱਤਾ ਚਲਾਉਣ ਦਾ ਤਜ਼ਰਬਾ ਹੋਵੇ। ਭਗਵੰਤ ਮਾਨ ਕਿਸ ਤਰ੍ਹਾਂ ਦੇ ਸਿਆਸਤਦਾਨ ਹਨ, ਇਹ ਗੱਲ ਕਿਸੇ ਕੋਲੋਂ ਵੀ ਲੁਕੀ ਹੋਈ ਨਹੀਂ ਹੈ।
ਰੰਧਾਵਾ ਨੇ ਬੁੱਧਵਾਰ ਆਮ ਆਦਮੀ ਪਾਰਟੀ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਲੈ ਕੇ ਸੂਬੇ ਦੇ ਲੋਕ ਕੀ ਮਹਿਸੂਸ ਨਹੀਂ ਕਰਨਗੇ। ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਗੁਆਂਢੀ ਦੇਸ਼ ਅਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਿਚ ਲਗਾਤਾਰ ਲੱਗੀਆਂ ਹੋਈਆਂ ਹਨ। ਅਜਿਹੀ ਸਥਿਤੀ ਵਿਚ ਪੰਜਾਬ ਵਿਚ ਸਿਰਫ਼ ਉਸ ਪਾਰਟੀ ਨੂੰ ਲੋਕ ਆਪਣੀ ਵੋਟ ਦੇਣਗੇ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾ ਕੇ ਰੱਖ ਸਕਦੀ ਹੋਵੇ।
ਇਹ ਵੀ ਪੜ੍ਹੋ: ਜਾਖੜ ਦੇ ਬਹਾਨੇ ‘ਆਪ’ ਦੇ ਕਾਂਗਰਸ ’ਤੇ ਨਿਸ਼ਾਨੇ, ਰਾਘਵ ਚੱਢਾ ਨੇ CM ਚਿਹਰੇ ਨੂੰ ਲੈ ਕੇ ਪੁੱਛੇ 4 ਸਵਾਲ
ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਸਾਧਾਰਨ ਢੰਗ ਨਾਲ ਨਹੀਂ ਲਿਆ ਜਾ ਸਕਦਾ। ਜੇ ਸੂਬੇ ਦੀ ਵਾਗਡੋਰ ਗੈਰ-ਤਜ਼ਰਬੇਕਾਰ ਲੋਕਾਂ ਅਤੇ ਬਾਹਰੀ ਪਾਰਟੀਆਂ ਦੇ ਹੱਥਾਂ ਵਿਚ ਆ ਗਈ ਤਾਂ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਈ ਸਵਾਲ ਖੜੇ ਹੋ ਜਾਣਗੇ। ਜਦੋਂ ਤੱਕ ਕਾਂਗਰਸ ਦੇ ਹੱਥਾਂ ਵਿਚ ਰਾਜ ਸੱਤਾ ਰਹੀ ਹੈ, ਉਦੋਂ ਤੱਕ ਕਦੇ ਵੀ ਅਮਨ-ਸ਼ਾਂਤੀ ਨੂੰ ਲੈ ਕੇ ਕੋਈ ਖਤਰਾ ਪੈਦਾ ਨਹੀਂ ਹੋਇਆ ਪਰ ਜਦੋਂ-ਜਦੋਂ ਗੈਰ-ਕਾਂਗਰਸੀ ਸਰਕਾਰਾਂ ਸੂਬੇ ਵਿਚ ਸੱਤਾ ਵਿਚ ਆਈਆਂ ਤਾਂ ਕਦੇ ਗੈਂਗਸਟਰਾਂ ਨੇ ਸਿਰ ਚੁੱਕ ਲਿਆ ਅਤੇ ਕਦੇ ਮਾਫ਼ੀਆ ਰਾਜ ਦਾ ਜਨਮ ਹੋ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਗੱਲਾਂ ਨੂੰ ਭੁੱਲ ਨਹੀਂ ਸਕਦੇ। ਸੂਬੇ ਦੇ ਲੋਕ ਸਮਝਦਾਰ ਹਨ ਜਦੋਂ ਉਹ ਵੋਟ ਪਾਉਣ ਲਈ ਜਾਣਗੇ ਤਾਂ ਉਹ ਉਸ ਤੋਂ ਪਹਿਲਾਂ ਸਮਾਜ ਦੇ ਸਮੁੱਚੇ ਹਾਲਾਤ ਦਾ ਚਿੰਤਨ ਜ਼ਰੂਰ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਕਾਂਗਰਸ ਜੇ ਸੱਤਾ ਵਿਚ ਆਉਂਦੀ ਹੈ ਤਾਂ ਨਾ ਤਾਂ ਗੈਂਗਸਟਰ ਸਿਰ ਉਠਾ ਸਕਣਗੇ ਅਤੇ ਨਾ ਹੀ ਮਾਫ਼ੀਆ ਰਾਜ ਚੱਲ ਸਕੇਗਾ। ਉਹ ਭ੍ਰਿਸ਼ਟਾਚਾਰ ਦੇ ਸਖਤ ਵਿਰੁੱਧ ਹਨ। ਪੁਲਸ ਪ੍ਰਸ਼ਾਸਨ ਵਿਚ ਵੀ ਉਨ੍ਹਾਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਇਮਾਨਦਾਰ ਪੁਲਸ ਅਧਿਕਾਰੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝਟਕਾ, ਸਟਾਰ ਪ੍ਰਚਾਰਕਾਂ ਦੀ ਸੂਚੀ ’ਚੋਂ ਕੱਟਿਆ ਨਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ