ਭਗਵੰਤ ਮਾਨ ਨੂੰ CM ਚਿਹਰਾ ਐਲਾਨਣ 'ਤੇ ਬੋਲੇ ਰੰਧਾਵਾ, 'ਮਾਨ ਨਹੀਂ ਹਨ ਗੰਭੀਰ ਸ਼ਖ਼ਸੀਅਤ'

Wednesday, Jan 19, 2022 - 11:48 AM (IST)

ਭਗਵੰਤ ਮਾਨ ਨੂੰ CM ਚਿਹਰਾ ਐਲਾਨਣ 'ਤੇ ਬੋਲੇ ਰੰਧਾਵਾ, 'ਮਾਨ ਨਹੀਂ ਹਨ ਗੰਭੀਰ ਸ਼ਖ਼ਸੀਅਤ'

ਜਲੰਧਰ (ਸੁਨੀਲ ਧਵਨ)– ਪੰਜਾਬ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਦੇ ਰੂਪ ’ਚ ਭਗਵੰਤ ਮਾਨ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਸੂਬੇ ਦਾ ਸਿਆਸੀ ਮਾਹੌਲ ਭਖਣ ਲੱਗਾ ਹੈ। ਸੂਬੇ ਵਿਚ ਅਜੇ ਸਿਰਫ਼ ਆਮ ਆਦਮੀ ਪਾਰਟੀ ਨੇ ਹੀ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਦਾ ਐਲਾਨ ਕੀਤਾ ਹੈ। ਕਾਂਗਰਸ ਪਹਿਲਾਂ ਹੀ ਸਮੂਹਿਕ ਅਗਵਾਈ ਨੂੰ ਲੈ ਕੇ ਚੱਲਣ ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਨੇ ਆਪਣੇ ਮੁੱਖ ਮੰਤਰੀ ਅਹੁਦੇ ਦੇ ਚਿਹਰਿਆਂ ਦੇ ਰੂਪ ’ਚ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਨਾਂ ਅੱਗੇ ਕੀਤੇ ਹੋਏ ਹਨ। ਆਮ ਆਦਮੀ ਪਾਰਟੀ ਵੱਲੋਂ ਅਹਿਮ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਵਿਚ ਕੀ ਤਬਦੀਲੀਆਂ ਆਉਣਗੀਆਂ, ਇਸ ਸਬੰਧੀ ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਉਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ।

ਸਵਾਲ: ‘ਆਪ’ ਨੇ ਭਗਵੰਤ ਮਾਨ ਦਾ ਚਿਹਰਾ ਅੱਗੇ ਕਰ ਦਿੱਤਾ ਹੈ। ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਹੋਵੋਗੀ?
ਜਵਾਬ:
ਭਗਵੰਤ ਮਾਨ ਇਕ ਕਲਾਕਾਰ ਹਨ। ਮੁੱਖ ਮੰਤਰੀ ਦਾ ਅਹੁਦਾ ਕਾਫ਼ੀ ਗੰਭੀਰ ਅਤੇ ਅਹਿਮ ਹੁੰਦਾ ਹੈ ਜਿਸ ਦੇ ਮੋਢਿਆਂ ’ਤੇ ਪੰਜਾਬ ਦੀ ਸੁਰੱਖਿਆ, ਸੂਬੇ ਦਾ ਵਿਕਾਸ ਅਤੇ ਹੋਰ ਅਹਿਮ ਜ਼ਿੰਮੇਵਾਰੀਆਂ ਆਉਂਦੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣਾ ਚਿਹਰਾ ਅੱਗੇ ਕੀਤਾ ਹੈ ਅਤੇ ਇਹ ਉਸ ਦਾ ਆਪਣਾ ਨਿੱਜੀ ਫ਼ੈਸਲਾ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਲਈ ਗੰਭੀਰ ਸ਼ਖ਼ਸੀਅਤ ਨਹੀਂ ਹਨ। ਪੰਜਾਬ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸੂਬੇ ਵਿਚ ਪਾਕਿਸਤਾਨ ਵੱਲੋਂ ਆਪਣੀ ਏਜੰਸੀਆਂ ਦੀ ਮਾਰਫ਼ਤ ਲਗਾਤਾਰ ਗੜਬੜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਹਾਲਤ ’ਚ ਮੁੱਖ ਮੰਤਰੀ ਦੇ ਅਹੁਦੇ ’ਤੇ ਉਸ ਵਿਅਕਤੀ ਨੂੰ ਬਿਰਾਜਮਾਨ ਹੋਣਾ ਚਾਹੀਦਾ ਹੈ ਜੋ ਸੂਬੇ ਦੀ ਸੁਰੱਖਿਆ ਅਤੇ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ’ਤੇ ਲੈ ਸਕੇ।

ਇਹ ਵੀ ਪੜ੍ਹੋ: ਠੰਡ ਤੋਂ ਬਚਾਉਣ ਲਈ ਬਾਲੀ ਅੱਗ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ

ਸਵਾਲ:  ਭਗਵੰਤ ਮਾਨ ਦੇ ਅੱਗੇ ਆਉਣ ਤੋਂ ਬਾਅਦ ਕੀ ਆਮ ਆਦਮੀ ਪਾਰਟੀ ਨੂੰ ਇਸ ਦਾ ਲਾਭ ਮਿਲੇਗਾ?
ਜਵਾਬ:
 ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਕੋਈ ਲਾਭ ਮਿਲੇਗਾ। ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਲਈ ਗੰਭੀਰ ਸ਼ਖ਼ਸੀਅਤ ਨਹੀਂ ਹਨ। ਮੰਚ ’ਤੇ ਹਾਸ-ਵਿਅੰਗ ਕਰਨਾ ਇਕ ਵੱਖਰੀ ਗੱਲ ਹੈ ਅਤੇ ਇਸ ਅਹੁਦੇ ’ਤੇ ਰਹਿ ਕੇ ਪੰਜਾਬ ਦੀ ਸੁਰੱਖਿਆ ਕਰਨਾ ਵੱਖਰੀ ਗੱਲ। ਪੰਜਾਬ ਦੀ ਜ਼ਿੰਮੇਵਾਰੀ ਸੰਭਾਲਣ ਲਈ ਸੂਬੇ ’ਚ ਮਾਨ ਨਾਲੋਂ ਬਿਹਤਰ ਕਈ ਉਮੀਦਵਾਰ ਹਨ। ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿਚ ਸਰਵਉੱਤਮ ਕਾਰਗੁਜ਼ਾਰੀ ਵਿਖਾ ਕੇ ਲੋਕਾਂ ਦਾ ਦਿਲ ਜਿੱਤਿਆ ਹੈ।

ਸਵਾਲ:  ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਮਾਨ ਦੇ ਹੱਕ ’ਚ 15 ਲੱਖ ਤੋਂ ਵੱਧ ਲੋਕਾਂ ਨੇ ਵੋਟ ਦਿੱਤੀ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜਵਾਬ:
ਮੈਂ ਅਜਿਹੇ ਦਾਅਵਿਆਂ ਨੂੰ ਨਹੀਂ ਮੰਨਦਾ। ਅਸਲ ਸਥਿਤੀ ਦਾ ਪਤਾ ਤਾਂ ਉਸ ਵੇਲੇ ਲੱਗੇਗਾ ਜਦੋਂ 10 ਮਾਰਚ ਨੂੰ ਵੋਟਾਂ ਦੀਆਂ ਪੇਟੀਆਂ ਖੁੱਲ੍ਹਣਗੀਆਂ। ਪੰਜਾਬ ਵਿਚ ਪੌਣੇ 3 ਕਰੋੜ ਲੋਕ ਰਹਿੰਦੇ ਹਨ। ਸਾਰਿਆਂ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕੀ ਵਿਚਾਰ ਹਨ, ਇਸ ਸਬੰਧੀ ਅਜੇ ਕੋਈ ਸਰਵੇ ਨਹੀਂ ਹੋਇਆ। ਅਜੇ ਤਕ ਇਲੈਕਟ੍ਰਾਨਿਕ ਚੈਨਲਾਂ ’ਤੇ ਜਿੰਨੇ ਵੀ ਸਰਵੇ ਹੋਏ ਹਨ, ਉਨ੍ਹਾਂ ਵਿਚ ਲੋਕਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਨੂੰ ਸਭ ਤੋਂ ਵੱਧ ਪਸੰਦ ਕੀਤਾ ਹੈ।

ਸਵਾਲ: ਤੁਹਾਡੇ ਕੋਲ ਗ੍ਰਹਿ ਮੰਤਰੀ ਦੇ ਅਹੁਦੇ ਦਾ ਭਾਰ ਹੈ, ਅੱਜ ਈ. ਡੀ. ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ’ਤੇ ਛਾਪੇ ਮਾਰੇ ਹਨ। ਤੁਹਾਡੀ ਕੀ ਪ੍ਰਤੀਕਿਰਿਆ ਹੈ?
ਜਵਾਬ:
ਕੇਂਦਰ ਦੀ ਭਾਜਪਾ ਸਰਕਾਰ ਅਸਲ ’ਚ ਅਜਿਹਾ ਕਰਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੀ ਹੈ ਪਰ ਕਾਂਗਰਸ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ’ਤੇ ਈ. ਡੀ. ਦੇ ਛਾਪਿਆਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਸਿਆਸਤ ਵਿਚ ਕਿੰਨੇ ਹੇਠਲੇ ਪੱਧਰ ’ਤੇ ਉਤਰ ਆਈ ਹੈ। ਅਜੇ ਭਾਜਪਾ ਸਰਕਾਰ ਵੱਲੋਂ ਅਜਿਹੇ ਹੀ ਕੁਝ ਹੋਰ ਕਾਂਡ ਕੀਤੇ ਜਾ ਸਕਦੇ ਹਨ। ਪਹਿਲਾਂ ਵੀ ਗੈਰ-ਭਾਜਪਾ ਸ਼ਾਸਿਤ ਸੂਬਿਆਂ ਵਿਚ ਭਾਜਪਾ ਸਰਕਾਰ ਇੰਝ ਹੀ ਛਾਪੇ ਮਰਵਾਉਣ ਦੀ ਨੀਤੀ ’ਤੇ ਕੰਮ ਕਰਦੀ ਰਹੀ ਹੈ। ਉਸ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕਾਂਗਰਸ ਬਲੀਦਾਨਾਂ ਵਾਲੀ ਪਾਰਟੀ ਹੈ।

ਇਹ ਵੀ ਪੜ੍ਹੋ: ਜਲੰਧਰ: ਟੋਏ ’ਚੋਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼, ਪਰਿਵਾਰ ਨੇ ਲਾਏ ਕਤਲ ਦੇ ਦੋਸ਼

ਸਵਾਲ: ਈ. ਡੀ. ਦੇ ਛਾਪਿਆਂ ਦਾ ਕੀ ਅਸਰ ਹੋ ਸਕਦਾ ਹੈ?
ਜਵਾਬ:
ਈ. ਡੀ. ਦੇ ਛਾਪਿਆਂ ਨੂੰ ਜਨਤਾ ਨੇ ਪਸੰਦ ਨਹੀਂ ਕੀਤਾ। ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਇਸ ਸਮੇਂ ਛਾਪਿਆਂ ਦੀ ਕਾਰਵਾਈ ਬਦਲੇ ਦੀ ਭਾਵਨਾ ਨੂੰ ਦਰਸਾਉਦੀਂ ਹੈ। ਪੰਜਾਬ ’ਚ ਲੋਕ ਕਦੇ ਵੀ ਬਦਲੇ ਦੀ ਭਾਵਨਾ ਵਾਲੀ ਸਿਆਸਤ ਨੂੰ ਪਸੰਦ ਨਹੀਂ ਕਰਦੇ।

ਸਵਾਲ:  ਅਜਿਹੀਆਂ ਚਰਚਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਇਸ ਵਾਰ ਤ੍ਰਿਸ਼ੰਕੂ ਵਿਧਾਨ ਸਭਾ ਸਾਹਮਣੇ ਆ ਸਕਦੀ ਹੈ?
ਜਵਾਬ:
ਮੈਂ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਇਸ ਵਾਰ ਵੋਟਿੰਗ ਬਹੁਤ ਸੋਚ-ਸਮਝ ਕੇ ਕਰਨੀ ਹੋਵੇਗੀ। ਜੇ ਤ੍ਰਿਸ਼ੰਕੂ ਵਿਧਾਨ ਸਭਾ ਆ ਗਈ ਤਾਂ ਅਕਾਲੀ ਦਲ ਸੂਬੇ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਲਿਆਉਣ ਲਈ ਬਾਹਰੋਂ ਸਮਰਥਨ ਦੇ ਸਕਦਾ ਹੈ। ਅਜਿਹੀ ਸਥਿਤੀ ’ਚ ਸੱਤਾ ’ਤੇ ਅਸਿੱਧੇ ਤੌਰ ’ਤੇ ਅਕਾਲੀਆਂ ਦਾ ਕਬਜ਼ਾ ਹੋ ਜਾਵੇਗਾ।

ਸਵਾਲ:  ਅਕਾਲੀ ਕਿਉਂ ਆਮ ਆਦਮੀ ਪਾਰਟੀ ਨੂੰ ਬਾਹਰੋਂ ਸਮਰਥਨ ਦੇਣਗੇ?
ਜਵਾਬ:
ਜਿਹੜੀ ਵੀ ਪਾਰਟੀ ਬਾਹਰੋਂ ਸਮਰਥਨ ਦਿੰਦੀ ਹੈ, ਉਸ ਦੇ ਆਪਣੇ ਕੁਝ ਨਾ ਕੁਝ ਸਵਾਰਥ ਹੁੰਦੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਆਪਸ ’ਚ ਰਿਸ਼ਤੇ ਜ਼ਿਆਦਾ ਮਾੜੇ ਵੀ ਨਹੀਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਨੇਤਾ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਸੀ ਅਤੇ ਮਜੀਠੀਆ ਨੇ ਬਦਲੇ ’ਚ ਮਾਣਹਾਨੀ ਦਾ ਕੇਸ ਵਾਪਸ ਲੈ ਲਿਆ ਸੀ। ਹੁਣ ਵੀ ਅਕਾਲੀ ਨੇਤਾਵਾਂ ’ਤੇ ਕੇਸ ਪਏ ਹੋਏ ਹਨ ਅਤੇ ਤ੍ਰਿਸ਼ੰਕੂ ਵਿਧਾਨ ਸਭਾ ਦੀ ਸਥਿਤੀ ’ਚ ਅਕਾਲੀ ਆਪਣੇ ਮਨੋਰਥ ਸਾਬਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਇਲਜ਼ਾਮ, ਕਾਂਗਰਸ ਪਾਰਟੀ ਨੇ ਚੰਨੀ ਦਾ ‘ਨਾਈਟ ਵਾਚਮੈਨ’ ਵਾਂਗ ਕੀਤਾ ਇਸਤੇਮਾਲ

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ?
ਜਵਾਬ:
ਇਸ ਦੇ ਪਿੱਛੇ ਭਾਜਪਾ ਦਾ ਏਜੰਡਾ ਕੰਮ ਕਰ ਰਿਹਾ ਹੈ। ਸੂਬਿਆਂ ਵਿਚ ਉਹ ਕਾਂਗਰਸ ਨੂੰ ਕਮਜ਼ੋਰ ਕਰ ਰਹੀ ਹੈ। ਪੰਜਾਬ ਹੀ ਨਹੀਂ ਸਗੋਂ ਹੋਰ ਸੂਬਿਆਂ ਵਿਚ ਵੀ ਉਹ ਅਜਿਹੀ ਹੀ ਖੇਡ ਖੇਡਣ ’ਚ ਲੱਗੀ ਹੋਈ ਹੈ। ਪੰਜਾਬ ਵਿਚ ਈ. ਡੀ. ਦੇ ਛਾਪੇ ਇਸ ਰਣਨੀਤੀ ਦਾ ਹਿੱਸਾ ਹਨ। ਭਾਜਪਾ ਨੇ ਹੀ ਸੂਬੇ ਵਿਚ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਮਜ਼ੋਰ ਕੀਤਾ। ਹੁਣ ਭਾਜਪਾ ਸਾਰੇ ਨੇਤਾਵਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕਰਨ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਦਰਦਨਾਕ ਅੰਤ, ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੇ ਹੋਟਲ 'ਚ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News