ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ

12/04/2020 11:53:26 AM

ਚੰਡੀਗੜ੍ਹ (ਸ਼ਰਮਾ, ਅਸ਼ਵਨੀ)— ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰਨ ਦੀ ਕਾਰਵਾਈ ਨੂੰ ਬਹੁਤ ਦੇਰੀ ਨਾਲ ਚੁੱਕਿਆ ਨਿਗੂਣਾ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਜ਼ੁਰਗ ਅਕਾਲੀ ਆਗੂ ਦੀ ਇਹ ਕਾਰਵਾਈ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਹੈ, ਜਿਸ ਨਾਲ ਅਕਾਲੀ ਦਲ ਬਾਦਲ ਪਰਿਵਾਰ ਵੱਲੋਂ ਨਿਭਾਏ ਮਾੜੇ ਰੋਲ ਦੇ ਪਾਪਾਂ ਤੋਂ ਬਚ ਨਹੀਂ ਸਕਦਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਉਨ੍ਹਾਂ ਕਿਹਾ ਕਿ ਬਿਹਤਰ ਇਹ ਸੀ ਕਿ ਬਾਦਲ ਪਰਿਵਾਰ ਅਤੇ ਅਕਾਲੀ ਦਲ ਐਵਾਰਡ ਵਾਪਸ ਕਰਨ ਨਾਲੋਂ ਕਾਨੂੰਨ ਵਾਪਸ ਕਰਾਉਣ ਲਈ ਯਤਨ ਕਰਦਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਬਾਦਲ ਪਰਿਵਾਰ ਨੂੰ ਆਰਡੀਨੈਂਸ ਲਿਆਉਣ ਦੀ ਹਮਾਇਤ ਕਰਨ ਬਦਲੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰੰਧਾਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਐਵਾਰਡ ਵਾਪਸ ਕਰਨ ਦਾ ਡਰਾਮਾ ਰਚਿਆ ਗਿਆ, ਜਿਸ 'ਤੇ ਕੋਈ ਵੀ ਪੰਜਾਬੀ ਯਕੀਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਬਾਦਲ ਨੂੰ ਉਸ ਵੇਲੇ ਇਹ ਐਵਾਰਡ ਵਾਪਸ ਕਰਨਾ ਕਿਉਂ ਨਹੀਂ ਚੇਤੇ ਆਇਆ ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਅਤੇ ਉਸ ਤੋਂ ਬਾਅਦ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ ਗਈਆਂ। ਫਿਰ ਸੀ. ਬੀ. ਆਈ. ਵੱਲੋਂ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਜਾਰੀ ਪ੍ਰੈੱਸ ਬਿਆਨ 'ਚ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਹਿਮਤੀ ਨਾਲ ਐੱਨ. ਡੀ. ਏ. ਸਰਕਾਰ ਵੱਲੋਂ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆਂਦਾ ਗਿਆ। ਬਾਦਲ ਪਰਿਵਾਰ ਦੀ ਨੂੰਹ ਕੇਂਦਰੀ ਕੈਬਨਿਟ ਦਾ ਹਿੱਸਾ ਸੀ, ਜਿਸ ਨੇ ਇਹ ਆਰਡੀਨੈਂਸ ਪਾਸ ਕੀਤਾ ਸੀ। ਤਿੰਨ ਮਹੀਨਿਆਂ ਤਕ ਅਕਾਲੀ ਦਲ ਆਰਡੀਨੈਂਸਾਂ ਦੇ ਸੋਹਲੇ ਗਾਉਂਦਾ ਰਿਹਾ, ਇਥੋਂ ਤਕ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਵੀਡਿਓ ਜਾਰੀ ਕਰਕੇ ਖੇਤੀ ਬਿੱਲਾਂ ਦੀ ਸਿਫ਼ਤਾਂ ਦੇ ਬੰਨ੍ਹੇ ਗਏ ਪੁੱਲ ਅਜੇ ਤੱਕ ਪੰਜਾਬੀ ਭੁੱਲੇ ਨਹੀਂ। ਪੰਜਾਬ ਵਿਚ ਬਿੱਲਾਂ ਖਿਲਾਫ ਹੋਏ ਸਖਤ ਵਿਰੋਧ ਨੂੰ ਵੇਖਦਿਆਂ ਅਕਾਲੀਆਂ ਨੂੰ ਮਜਬੂਰੀਵੱਸ ਭਰੇ ਮਨ ਨਾਲ ਹਰਸਿਮਰਤ ਕੌਰ ਦਾ ਅਸਤੀਫ਼ਾ ਦਿਵਾਉਣਾ ਪਿਆ ਅਤੇ ਐੱਨ. ਡੀ. ਏ. ਛੱਡਣੀ ਪਈ। ਇਸ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖਤਰਨਾਕ ਖੇਤੀ ਕਾਨੂੰਨਾਂ ਦੇ ਵਿਰੁੱਧ ਕੋਈ ਬਿਆਨ ਜਾਂ ਵੀਡਿਓ ਜਾਰੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ
ਨੋਟ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਲੈ ਕੇ ਮੰਤਰੀ ਰੰਧਾਵਾ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋਏ
ਕੁਮੈਂਟ ਕਰਕੇ ਦੱਸੋ


shivani attri

Content Editor

Related News