ਜੱਗੂ ਭਗਵਾਨਪੁਰੀਆ ਨਾਲ ਮਜੀਠੀਆ ਦੇ ਸੰਬੰਧਾਂ ਦੀ ਸੋਮਵਾਰ ਨੂੰ ਖੋਲ੍ਹਾਂਗਾ ਪੋਲ : ਰੰਧਾਵਾ (ਵੀਡੀਓ)

11/23/2019 3:29:24 PM

ਚੰਡੀਗੜ੍ਹ/ਦੀਨਾਨਗਰ (ਭੁੱਲਰ) : ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਬਿਕਰਮ ਮਜੀਠੀਆ ਦੀ ਸ਼ਬਦੀ ਜੰਗ ਸਿਖਰਾਂ 'ਤੇ ਹੈ। ਬਿਕਰਮ ਮਜੀਠੀਆ ਦੇ ਦੋਸ਼ਾਂ ਤੋਂ ਭੜਕੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਉਹ ਸੋਮਵਾਰ ਨੂੰ ਜੱਗੂ ਭਗਵਾਨਪੁਰੀਆ ਨਾਲ ਮਜੀਠੀਆ ਦੇ ਸੰਬੰਧਾਂ ਦੀ ਪੋਲ ਖੋਲਣਗੇ, ਉਹ ਵੀ ਪੂਰੇ ਸਬੂਤਾਂ ਨਾਲ। ਰੰਧਾਵਾ ਨੇ ਉਨ੍ਹਾਂ ਉਪਰ ਲਾਏ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਕਿਸੇ ਵੀ ਨਿਰਪੱਖ ਨਿਆਇਕ ਜਾਂਚ ਲਈ ਤਿਆਰ ਹੈ। ਅੱਜ ਇਥੇ ਜਾਰੀ ਪ੍ਰੈੱਸ ਬਿਆਨ 'ਚ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਇਹ ਮੁੱਢ ਤੋਂ ਹੀ ਫਿਤਰਤ ਰਹੀ ਹੈ ਕਿ ਉਹ ਬਿਨਾਂ ਤੱਥਾਂ ਤੋਂ ਆਪਣੇ ਵਿਰੋਧੀਆਂ 'ਤੇ ਚਿੱਕੜ ਸੁੱਟਣ ਲੱਗ ਜਾਂਦਾ ਹੈ। ਉਸ ਦਾ ਇਕੋ ਇਕ ਨਿਸ਼ਾਨਾ ਲੋਕਾਂ ਦਾ ਉਸ (ਮਜੀਠੀਆ) ਦੀ ਨਸ਼ਿਆਂ 'ਚ ਸ਼ਮੂਲੀਅਤ ਅਤੇ ਬਾਦਲਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਤੋਂ ਧਿਆਨ ਬਦਲਣਾ ਹੈ। ਰੰਧਾਵਾ ਨੇ ਕਿਹਾ ਕਿ ਉਹ ਮਜੀਠੀਆ ਨੂੰ ਉਸ ਦੇ ਕੀਤੇ ਕਾਰਿਆਂ ਕਰ ਕੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਤੱਕ ਲੈ ਕੇ ਜਾਣਗੇ।

ਰੰਧਾਵਾ ਨੇ ਕਿਹਾ,''ਮੈਂ ਮਜੀਠੀਆ ਵੱਲੋਂ ਲਾਏ ਦੋਸ਼ਾਂ ਦੀ ਨਿਰਪੱਖ ਨਿਆਇਕ ਜਾਂਚ ਲਈ ਤਿਆਰ ਹਾਂ ਅਤੇ ਮੇਰੀ ਮਜੀਠੀਆ ਨੂੰ ਸਿੱਧੀ ਚੁਣੌਤੀ ਹੈ ਕਿ ਉਹ ਵੀ ਆਪਣੇ 'ਤੇ ਲੱਗੇ ਨਸ਼ਿਆਂ ਅਤੇ ਗੈਂਗਸਟਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼ਾਂ ਦੀ ਇਸੇ ਤਰ੍ਹਾਂ ਨਿਰਪੱਖ ਜਾਂਚ ਕਰਵਾਉਣ ਲਈ ਤਿਆਰ ਰਹੇ।'' ਕੈਬਨਿਟ ਮੰਤਰੀ ਨੇ ਕਿਹਾ ਕਿ ਸਿਆਸੀ ਬਦਲਾਖੋਰੀ, ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਨਾ ਮਜੀਠੀਆ ਵਰਗੇ ਅਕਾਲੀ ਆਗੂਆਂ ਦੀ ਆਦਤ ਰਹੀ ਹੈ। ਉਹ ਇਕ ਫੇਲ ਅਤੇ ਹਤਾਸ਼ ਆਗੂ ਹੈ, ਜਿਹੜਾ ਕਤਲ ਦੇ ਮਾਮਲੇ 'ਚ ਸਿਆਸੀ ਰੋਟੀਆਂ ਸੇਕ ਰਿਹਾ ਹੈ। ਰੰਧਾਵਾ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਜਾਂਚ ਸਪੱਸ਼ਟ ਕਰੇਗੀ ਕਿ ਕੌਣ ਕਸੂਰਵਾਰ ਸੀ ਅਤੇ ਦਲਬੀਰ ਸਿੰਘ ਦੀ ਮੌਤ ਦੇ ਪਿੱਛੇ ਕੀ ਮਨੋਰਥ ਸੀ। ਉਨ੍ਹਾਂ ਕਿਹਾ ਕਿ ਮਾਰਿਆ ਗਿਆ ਅਕਾਲੀ ਆਗੂ ਦਲਬੀਰ ਸਿੰਘ ਉਸ ਅੱਤਵਾਦੀ ਦਾ ਭਰਾ ਸੀ, ਜਿਸ ਨੇ ਹਿੰਦੂ ਭਾਈਚਾਰੇ ਦੇ 8 ਜਣਿਆਂ ਨੂੰ ਬੱਸ ਵਿੱਚੋਂ ਉਤਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਾਂਚ ਹੀ ਸਪੱਸ਼ਟ ਕਰੇਗੀ ਕਿ ਇਸ ਮੌਤ ਪਿੱਛੇ ਕੀ ਸਾਜ਼ਿਸ਼ ਜਾਂ ਕਾਰਣ ਰਹੇ ਪਰ ਮਜੀਠੀਆ ਪਹਿਲਾਂ ਹੀ ਸਿਆਸਤ ਤੋਂ ਪ੍ਰੇਰਿਤ ਝੂਠੀ ਬਿਆਨਬਾਜ਼ੀ ਕਰ ਕੇ ਮਾਹੌਲ ਗੰਧਲਾ ਕਰ ਰਿਹਾ ਹੈ।


Anuradha

Content Editor

Related News