ਹਰਸਿਮਰਤ ਆਪਣੇ ਸਹੁਰੇ ਤੇ ਪਤੀ ਦੇ ਰਾਜ ''ਚ ਕੀਤਾ ਇਕ ਵੀ ਕੰਮ ਗਿਣਾਵੇ : ਰੰਧਾਵਾ

10/07/2019 1:15:57 PM

ਚੰਡੀਗੜ੍ਹ/ਗੁਰਦਾਸਪੁਰ/ਬਟਾਲਾ (ਅਸ਼ਵਨੀ, ਵਿਨੋਦ, ਬੇਰੀ) : ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਧਾਰਮਿਕ ਸਮਾਗਮਾਂ ਦਾ ਸਿਆਸੀਕਰਨ ਅਤੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸਿਆਸੀ ਰੋਟੀਆਂ ਸੇਕਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਉਹ ਧਰਮ ਦੀ ਆੜ 'ਚ ਰਾਜਨੀਤੀ ਕਰਨ ਦੀ ਬਾਦਲ ਪਰਿਵਾਰ ਦੀ ਪੁਰਾਣੀ ਫਿਤਰਤ ਨੂੰ ਅੱਗੇ ਤੋਰ ਰਹੀ ਹੈ। ਰੰਧਾਵਾ ਨੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਦੇਖਣ ਦੇ ਬਹਾਨੇ ਸਿਆਸਤ ਕਰਨ ਆਈ ਹਰਸਿਮਰਤ ਬਾਦਲ ਦੇ ਉਸ ਬਿਆਨ ਦੀ ਸਖਤ ਆਲੋਚਨਾ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਕੋਈ ਵਿਕਾਸ ਕੰਮ ਨਹੀਂ ਕਰਵਾਇਆ ਜਾ ਰਿਹਾ ਹੈ।

ਰੰਧਾਵਾ ਨੇ ਹਰਸਿਮਰਤ ਬਾਦਲ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਡੇਰਾ ਬਾਬਾ ਨਾਨਕ ਹਲਕੇ ਲਈ 117 ਕਰੋੜ ਰੁਪਏ ਦੇ ਵਿਕਾਸ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਇਹ ਦੱਸੇ ਕਿ ਜਦੋਂ ਸੂਬੇ 'ਚ ਉਸ ਦਾ ਸਹੁਰਾ ਮੁੱਖ ਮੰਤਰੀ ਸੀ, ਪਤੀ ਉਪ ਮੁੱਖ ਮੰਤਰੀ ਸੀ ਅਤੇ ਭਰਾ ਕੈਬਨਿਟ ਮੰਤਰੀ ਸੀ ਤਾਂ ਇਸ ਹਲਕੇ ਲਈ ਖਰਚ ਕੀਤਾ ਇਕ ਵੀ ਪੈਸੇ ਗਿਣਾਵੇ। ਇਥੋਂ ਤੱਕ ਕਿ ਉਹ ਖੁਦ 6 ਸਾਲਾਂ ਤੋਂ ਕੇਂਦਰੀ ਮੰਤਰੀ ਹੈ, ਜਿਸ ਨੇ ਕਦੇ ਵੀ ਪੰਜਾਬ ਵਾਂਗ ਇਸ ਹਲਕੇ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਤਾਂ ਕਦੇ ਇਸ ਹਲਕੇ ਦਾ ਗੇੜਾ ਵੀ ਨਹੀਂ ਲਾਇਆ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਮੀਟਿੰਗ ਬੁਲਾ ਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਮਾਣ ਦਿੱਤਾ। ਰੰਧਾਵਾ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਸਰਵਪੱਖੀ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾ ਕੇ ਸੂਬਾ ਸਰਕਾਰ ਇਸ ਹਲਕੇ ਦੀ ਕਾਇਆ ਕਲਪ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਹਲਕੇ ਦੇ ਇਕ ਹੋਰ ਇਤਿਹਾਸਕ ਕਸਬੇ ਕਲਾਨੌਰ ਨੂੰ ਸੈਰ ਸਪਾਟਾ ਸਰਕਟ ਅਧੀਨ ਲਿਆਂਦਾ ਗਿਆ ਹੈ ਅਤੇ ਉੱਥੇ ਡਿਗਰੀ ਕਾਲਜ ਤੇ ਗੰਨਾ ਖੋਜ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਬਾਦਲ ਦਲ ਆਪਣੀ ਗੁਆਚੀ ਸਿਆਸੀ ਸ਼ਾਨ ਨੂੰ ਬਹਾਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਲਈ ਉਹ ਸ਼੍ਰੋਮਣੀ ਕਮੇਟੀ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਖਾਤਰ ਵਰਤ ਰਿਹਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਸਿਆਸੀਕਰਨ ਕਰਨ 'ਚ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲਗਾਤਾਰ ਕੋਸ਼ਿਸ਼ ਹੈ ਕਿ ਉਹ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਪ੍ਰਕਾਸ਼ ਪੁਰਬ ਸਮਾਗਮਾਂ 'ਤੇ ਸਿਆਸਤ ਕਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਨੂੰ ਨਿਮਰਤਾ ਨਾਲ ਮੰਨਦਿਆਂ ਸੂਬਾ ਸਰਕਾਰ ਪੂਰਾ ਸਹਿਯੋਗ ਦੇ ਰਹੀ ਹੈ ਜਦੋਂਕਿ ਬਾਦਲ ਦਲ ਸ਼੍ਰੋਮਣੀ ਕਮੇਟੀ ਦੀ ਆੜ 'ਚ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ।


Anuradha

Content Editor

Related News