ਪੰਜਾਬ ’ਚ ਫਿਰ ਵਧਣਗੇ ਦੁੱਧ ਦੇ ਭਾਅ
Thursday, Aug 29, 2019 - 06:53 PM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)— ਜੇਕਰ ਤੁਸੀਂ ਦੁੱਧ ਪੀਣ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਟੈਂਸ਼ਨ ਵਾਲੀ ਖਬਰ ਹੈ। ਪੰਜਾਬ ਸਰਕਾਰ ਇਕ ਵਾਰ ਫਿਰ ਤੋਂ ਦੁੱਧ ਦੇ ਭਾਅ ਵਧਾਉਣ ਜਾ ਰਹੀ ਹੈ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸਦਾ ਐਲਾਨ ਵੀ ਕਰ ਦਿੱਤਾ ਹੈ। ਸੁਖਜਿੰਦਰ ਰੰਧਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵੇਰਕਾ ਪਸ਼ੂ ਖੁਰਾਕ ਸਬੰਧੀ ਲਗਾਏ ਗਏ ਵਿਸ਼ੇਸ਼ ਸੈਮੀਨਾਰ ’ਚ ਪਹੁੰਚੇ ਹੋਏ ਸਨ। ਰੰਧਾਵਾ ਨੇ ਦੱਸਿਆ ਕਿ ਸਰਕਾਰ ਪਸ਼ੂ ਪਾਲਕਾਂ ਨੂੰ ਲਾਭ ਦੇਣ ਲਈ ਵਚਨਬੱਧ ਹੈ ਅਤੇ ਇਸੇ ਉਦੇਸ਼ ਨਾਲ ਸਰਕਾਰ ਦੁੱਧ ਦੇ ਰੇਟ ਵਧਾਉਣ ਜਾ ਰਹੀ ਹੈ। ਇਸਦੇ ਨਾਲ ਹੀ ਕੈਬਨਿਟ ਮੰਤਰੀ ਨੇ ਪਸ਼ੂ ਪਾਲਕਾਂ ਨੂੰ ਜਲਦ ਹੀ ਪੇਮੈਂਟ ਕੀਤੇ ਜਾਣ ਦੀ ਗੱਲ ਵੀ ਕਹੀ ਹੈ।
ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵਲੋਂ ਲਗਾਏ ਗਏ ਇਸ ਸੈਮੀਨਾਰ ’ਚ ਵੱਡੀ ਗਿਣਤੀ ’ਚ ਪਸ਼ੂ ਪਾਲਕਾਂ ਤੇ ਡੇਅਰੀ ਫਾਰਮਰਾਂ ਨੇ ਹਿੱਸਾ ਲਿਆ ਤੇ ਮਾਹਿਰਾਂ ਤੋਂ ਆਪਣੇ ਸਵਾਲਾਂ ਦੇ ਜਵਾਬ ਲਏ। ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਜੂਨ ਮਹੀਨੇ ਹੀ ਵੇਰਕਾ ਦੁੱਧ ਦੀਆਂ ਕੀਮਤਾਂ ਵਿਚ ਦੋ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਸੀ।