ਡਾ. ਦਲਜੀਤ ਸਿੰਘ ਚੀਮਾ ਖ਼ਿਲਾਫ਼ ਕੇਸ ਕਰਨਗੇ ਸੁਖਜਿੰਦਰ ਰੰਧਾਵਾ, ਜਾਣੋ ਪੂਰਾ ਮਾਮਲਾ

Thursday, Dec 05, 2024 - 01:07 PM (IST)

ਚੰਡੀਗੜ੍ਹ (ਰਮਨਜੀਤ) : ਲੋਕ ਸਭਾ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਰੰਧਾਵਾ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦੇ ਉਸ ਬਿਆਨ ਦਾ ਕਰੜਾ ਨੋਟਿਸ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਨਾਂ ਦਹਿਸ਼ਤਗਰਦ ਨਰਾਇਣ ਸਿੰਘ ਚੌੜਾ ਨਾਲ ਜੋੜਨਾ ਡਾ. ਦਲਜੀਤ ਸਿੰਘ ਚੀਮਾ ਦੀ ਬੌਖ਼ਲਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਉਹ ਡਾ. ਦਲਜੀਤ ਸਿੰਘ ਚੀਮਾ ਖ਼ਿਲਾਫ਼ ਮਾਣਹਾਨੀ ਦਾ ਕੇਸ ਪੰਜਾਬ-ਹਰਿਆਣਾ ਹਾਈਕੋਰਟ 'ਚ ਦਾਇਰ ਕਰਨਗੇ। ਰੰਧਾਵਾ ਨੇ ਕਿਹਾ ਕਿ ਨਰਾਇਣ ਸਿੰਘ ਚੌੜਾ ਦਾ ਭਰਾ ਲੰਬੇ ਸਮੇਂ ਤੋਂ ਪਿੰਡ ਦਾ ਸਰਪੰਚ ਹੈ ਅਤੇ 1997 ਤੋਂ ਕ‌ਈ ਵਾਰ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਪਿੰਡ ਦਾ ਸਰਪੰਚ ਬਣਦਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਕੈਦੀਆਂ ਨੂੰ ਲੈ ਕੇ ਆਈ ਨਵੀਂ ਸਕੀਮ, ਹੋਵੇਗੀ ਲਾਹੇਵੰਦ

ਉਨ੍ਹਾਂ ਕਿਹਾ ਕਿ ਨਰਾਇਣ ਸਿੰਘ ਚੌੜਾ ਦਾ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਹੈ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਉਸ 'ਤੇ ਕਿਉਂ ਨਹੀਂ ਨਜ਼ਰ ਰੱਖੀ। ਰੰਧਾਵਾ ਨੇ ਕਿਹਾ ਕਿ ਉਹ ਅੱਜ ਤੱਕ ਨਰਾਇਣ ਸਿੰਘ ਚੌੜਾ ਨੂੰ ਕਦੇ ਵੀ ਨਹੀਂ ਮਿਲੇ। ਉਨ੍ਹਾਂ ਦਾ ਪਰਿਵਾਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲਾਉਣ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਹਮੇਸ਼ਾ ਆਪਣੀ ਅਵਾਜ਼ ਚੁੱਕਦਾ ਰਿਹਾ ਹੈ ਅਤੇ ਭਵਿੱਖ 'ਚ ਵੀ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਵਿਰੋਧ ਕਰਦਾ ਰਹੇਗਾ। ਰੰਧਾਵਾ ਨੇ ਕਿਹਾ ਕਿ ਇਹ ਹਮਲਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਨਿਕੰਮੇ ਸੁਰੱਖਿਆ ਪ੍ਰਬੰਧਾਂ ਦਾ ਨਤੀਜਾ ਹੈ। ਰੰਧਾਵਾ ਨੇ ਕਿਹਾ ਹੈ ਕੇਂਦਰ ਦੀਆਂ ਏਜੰਸੀਆਂ ਆਈ. ਬੀ. ਅਤੇ ਰਾਅ ਅਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਅਤੇ ਖ਼ੁਫ਼ੀਆ ਤੰਤਰ ਬਿਲਕੁਲ ਫੇਲ੍ਹ ਹੋ ਕੇ ਰਹਿ ਗਿਆ ਹੈ। ਨਰਾਇਣ ਸਿੰਘ ਚੌੜਾ 2 ਦਿਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਇਹੋ ਜਿਹੇ ਦੇਸ਼ ਵਿਰੋਧੀ ਅਨਸਰ 'ਤੇ ਪੈਨੀ ਨਜ਼ਰ ਕਿਉਂ ਨਹੀਂ ਰੱਖੀ। 

ਇਹ ਵੀ ਪੜ੍ਹੋ : ਪੰਜਾਬ 'ਚ ਇਸ ਤਾਰੀਖ਼ ਨੂੰ ਪਵੇਗਾ ਮੀਂਹ! ਮੌਸਮ ਵਿਭਾਗ ਨੇ ਦਿੱਤੀ ਵੱਡੀ Update
ਸੁਖਜਿੰਦਰ ਰੰਧਾਵਾ ਦਾ ਆਇਆ ਸੀ ਨਾਂ
ਬੀਤੇ ਦਿਨ ਸੁਖਬੀਰ ਬਾਦਲ 'ਤੇ ਹਮਲੇ ਮਗਰੋਂ ਡਾ. ਦਲਜੀਤ ਸਿੰਘ ਚੀਮਾ ਨੇ ਵੱਡੇ ਦੋਸ਼ ਲਾਏ ਸਨ ਕਿ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਸ਼ਖ਼ਸ ਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ। ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਸੀ ਕਿ ਨਾਰਾਇਣ ਸਿੰਘ ਚੌੜਾ ਡੇਰਾ ਬਾਬਾ ਨਾਨਕ ਹਲਕੇ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੇ ਚੇਅਰਮੈਨ ਦਾ ਭਰਾ ਹੈ। ਨਾਰਾਇਣ ਸਿੰਘ ਚੌੜਾ ਦਾ ਸਕਾ ਭਰਾ ਨਰਿੰਦਰ ਸਿੰਘ ਚੌੜਾ ਮਾਰਕਿਟ ਕਮੇਟੀ ਦਾ ਚੇਅਰਮੈਨ ਹੈ। ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


Babita

Content Editor

Related News