ਕਰਤਾਰਪੁਰ ਕੋਰੀਡੋਰ : ਨੀਂਹ ਪੱਥਰ 'ਤੇ ਬਾਦਲਾਂ ਦਾ ਨਾਂ ਦੇਖ ਭੜਕੇ ਰੰਧਾਵਾ (ਵੀਡੀਓ)
Monday, Nov 26, 2018 - 04:52 PM (IST)
ਗੁਰਦਾਸਪੁਰ (ਗੁਰਪ੍ਰੀਤ) - ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਲਾਂਘੇ ਦਾ ਨੀਂਹ ਪੱਥਰ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸੀ ਆਗੂਆਂ 'ਚ ਆਪਸੀ ਰੰਜ਼ਿਸ਼ ਸ਼ੁਰੂ ਹੋ ਗਈ ਹੈ। ਉੱਪ ਰਾਸ਼ਟਰਪਤੀ ਦੇ ਆਉਣ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਤਿਆਰ ਕੀਤੇ ਨੀਂਹ ਪੱਥਰ 'ਤੇ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਂ ਦੇਖ ਕੇ ਉਹ ਭੜਕ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੇ ਨਾਂ ਇਨ੍ਹਾਂ ਤੋਂ ਥੱਲੇ ਲਿਖੇ ਹੋਏ ਹਨ ਜਦਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੀਂਹ ਪੱਥਰ 'ਤੇ ਸਾਬਕਾ ਅਤੇ ਉਪ ਮੁੱਖ ਮੰਤਰੀ ਦਾ ਨਾਂ ਲਿਖਿਆ ਹੋਵੇ।
ਇਸੇ ਕਾਰਨ ਰੰਧਾਵਾ ਨੇ ਪ੍ਰਤੀਕਰਮ ਕਰਦਿਆਂ ਇਸ ਨੀਂਹ ਪੱਥਰ 'ਤੇ ਲਿਖੇ ਕੈਪਟਨ ਅਮਰਿੰਦਰ ਸਿੰਘ, ਆਪਣੇ ਨਾਂ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਵਾਂ 'ਤੇ ਕਾਲੀ ਟੇਪ ਲਾ ਦਿੱਤੀ ਅਤੇ ਕਿਹਾ ਕਿ ਅਕਾਲੀ ਦਲ ਇਸ ਧਾਰਮਿਕ ਲਾਂਘੇ ਦਾ ਸਿਆਸੀ ਲਾਹਾ ਲੈਣ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ, ਜਦੋਂ ਕਿ ਕਾਂਗਰਸ ਨੂੰ ਅਜਿਹੇ ਪੱਥਰਾਂ 'ਤੇ ਆਪਣੇ ਨਾਵਾਂ ਦੀ ਜ਼ਰੂਰਤ ਹੀ ਨਹੀਂ ਅਤੇ ਉਹ ਇਕ ਸੰਗਤ ਵਜੋਂ ਸੇਵਾ ਨਿਭਾ ਰਹੇ ਹਨ। ਇਸੇ ਤਰ੍ਹਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਵੀ ਅਜਿਹੀਆਂ ਕਾਰਵਾਈਆਂ ਦੇ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਅਤੇ ਕਿਹਾ ਕਿ ਇਹ ਪ੍ਰੋਗਰਾਮ ਬਾਦਲ ਪਰਿਵਾਰ ਦਾ ਨਹੀਂ ਹੈ।