ਢੀਂਡਸਾ ਅਕਾਲੀ ਦਲ ਕਾਂਗਰਸ ਵਲੋਂ ਸਪਾਂਸਰ ਪਾਰਟੀ : ਝੂੰਦਾਂ

07/08/2020 4:18:43 PM

ਸੰਗਰੂਰ (ਸਿੰਗਲਾ) - ਸੁਖਦੇਵ ਸਿੰਘ ਢੀਂਡਸਾ ਵੱਲੋ ਬਣਾਈ ਗਈ ਨਵੀਂ ਪਾਰਟੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ੍ਰੀ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਇਆ ਗਿਆ ਨਵਾਂ ਅਕਾਲੀ ਦਲ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਪਾਂਸਰ ਕੀਤਾ ਦਲ ਹੈ ਕਿਉਕਿ ਢੀਂਡਸਾ ਅਤੇ ਕੈਪਟਨ ਸਾਹਿਬ ਦੀ ਸਾਂਝ ਜੱਗ ਜ਼ਾਹਰ ਹੈ। ਕਾਂਗਰਸ ਪਾਰਟੀ ਦੀ ਪੰਜਾਬ ਦੇ ਲੋਕਾਂ ਵਿੱਚ ਹੋ ਰਹੀ ਦੁਰਦਸ਼ਾ ਅਤੇ ਹਰ ਪੱਖ ਤੋਂ ਫੇਲ ਹੋਣ ਕਾਰਨ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਦਿਨੋਂ-ਦਿਨ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਕਾਂਗਰਸ ਪਾਰਟੀ ਨੇ ਇਸ ਕੋਸ਼ਿਸ਼ ਰਾਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਭੁਲੇਖਾ ਪਾਲਿਆ ਹੈ। ਸੁਖਦੇਵ ਸਿੰਘ ਢੀਂਡਸਾ ਨੇ ਪੂਰੇ ਪੰਜਾਬ ਵਿਚ ਤਾਂ ਕੀ ਕੰਮ ਕਰਨਾ ਹੈ ਉਨ੍ਹਾਂ ਨੇ ਤਾਂ ਆਪਣੇ ਜੱਦੀ ਜ਼ਿਲ੍ਹੇ ਜਿੱਥੇ ਉਨ੍ਹਾਂ ਨੇ 40 ਸਾਲ ਰਾਜ ਕੀਤਾ ਹੈ ਉੱਥੇ ਵੀ ਆਪਣਾ ਆਧਾਰ ਗਵਾ ਚੁੱਕੇ ਹਨ। ਦਹਾਕਿਆਂ ਤੋਂ ਢੀਂਡਸਾ ਪਰਿਵਾਰ ਨਾਲ ਜੁੜੇ ਅਕਾਲੀ ਵਰਕਰ ਅੱਜ ਢੀਂਡਸਾ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਕਬੂਲ ਕਰ ਰਹੇ ਹਨ। ਸਿਰਫ ਲੋਕਾਂ ਅਤੇ ਪਾਰਟੀ ਵੱਲੋਂ ਰੱਦ ਕੀਤੇ ਲੋਕ ਹੀ ਢੀਂਡਸਾ ਨਾਲ ਆਪਣੀ ਸਿਆਸੀ ਜ਼ਮੀਨ ਲੱਭਣ ਦਾ ਯਤਨ ਕਰ ਰਹੇ ਹਨ।

ਝੂੰਦਾ ਨੇ ਕਿਹਾ ਕਿ ਢੀਂਡਸਾ ਸਾਹਿਬ ਜੋ ਅੱਜ ਸਾਫ ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਰਾਜਨੀਤੀ ਦੀ ਗੱਲ ਕਰਦੇ ਹਨ, ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਦਸ ਸਾਲ ਸੰਗਰੂਰ ਜ਼ਿਲ੍ਹੇ 'ਚ ਉਨ੍ਹਾਂ ਦੇ ਚਹੇਤਿਆਂ ਵੱਲੋਂ ਕਿੰਨੀ ਕੁ ਇਮਾਨਦਾਰੀ ਨਾਲ ਕੰਮ ਕੀਤਾ ਗਿਆ ਅਤੇ ਕੀ ਕੁਝ ਹੁੰਦਾ ਰਿਹਾ ਇਹ ਲੋਕਾਂ 'ਚ ਜੱਗ ਜ਼ਾਹਰ ਹੈ, ਇਸ ਕਰਕੇ ਢੀਂਡਸਾ ਸਾਬ੍ਹ ਦੇ ਮੂੰਹੋਂ ਇਮਾਨਦਾਰੀ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ।

ਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਕੈਪਟਨ ਸਰਕਾਰ ਤੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਅਤੇ ਹੁਣ ਢੀਂਡਸਾ ਦਲ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਸਾਜਿਸ਼ ਦਾ ਹਿੱਸਾ ਨਹੀਂ ਬਣਨਗੇ। ਸੁਖਦੇਵ ਸਿੰਘ ਢੀਂਡਸਾ ਜੋਂ ਅੱਜ ਪੰਥਕ ਕਦਰਾਂ ਕੀਮਤਾਂ, ਪੰਥ ਪ੍ਰਸਤੀ ਅਤੇ ਪਾਰਟੀ ਵਿੱਚ ਸੁਧਾਰ ਲਿਆਉਣ ਦੀਆਂ ਗੱਲਾਂ ਕਰ ਰਹੇ ਹਨ, ਉਨ੍ਹਾਂ ਨੂੰ ਪਾਰਟੀ ਵਿੱਚ ਰਹਿੰਦਿਆਂ ਤਾਂ ਪੰਜਾਬ ਅਤੇ ਪੰਥ ਦੇ ਹਿੱਤ ਕਦੇ ਯਾਦ ਨਹੀਂ ਆਏ ਅਤੇ ਲੋਕ ਸਭਾ ਜਾਂ ਰਾਜ ਸਭਾ 'ਚ ਵੀ ਕਦੇ ਉਨ੍ਹਾਂ ਨੇ ਪੰਜਾਬ ਅਤੇ ਪੰਥ ਦੀ ਆਵਾਜ਼ ਬੁਲੰਦ ਨਹੀਂ ਕੀਤੀ।


DIsha

Content Editor

Related News