ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲੱਗੇ ਕਲੰਕ ਨੂੰ ਕਦੇ ਨਹੀਂ ਧੋ ਸਕਦਾ ਸੁਖਬੀਰ : ਸੁਖਦੇਵ ਢੀਂਡਸਾ
Friday, Aug 21, 2020 - 05:29 PM (IST)
ਲੌਂਗੋਵਾਲ (ਵਿਜੇ) : ਗੁਰਦੁਆਰਾ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਵੱਖਰਾ ਅਕਾਲੀ ਦਲ ਗਠਿਤ ਕਰਨ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਮੰਚ ਤੋਂ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਜੀ ਦੀ ਹੋਈ ਬੇਅਦਬੀ ਲਈ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ ਕਿਸੇ ਵੀ ਕੀਮਤ 'ਤੇ ਧੋ ਨਹੀਂ ਸਕਦੇ। ਮੌਜੂਦਾ ਸਮੇਂ 'ਚ ਪੰਜਾਬ ਦੇ ਲੋਕਾਂ ਦਾ ਕਾਂਗਰਸ ਅਤੇ ਅਕਾਲੀ ਦਲ ਬਾਦਲ ਤੋਂ ਵਿਸ਼ਵਾਸ ਉਠ ਗਿਆ ਹੈ। ਪੰਜਾਬ ਦੇ ਲੋਕ ਅਕਾਲੀ ਦਲ ਬਾਦਲ ਅਤੇ ਕਾਂਗਰਸ ਤੋਂ ਅੱਕੇ ਹੋਏ ਤੀਸਰਾ ਬਦਲ ਪੰਜਾਬ 'ਚ ਲੈ ਕੇ ਆਉਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਅਕਾਲੀ ਦਲ (ਡੀ) ਵਲੋਂ ਆਪਣੇ ਉਮੀਦਵਾਰ ਉਤਾਰੇ ਜਾਣਗੇ ਅਤੇ ਸ਼੍ਰੋਮਣੀ ਕਮੇਟੀ 'ਚ ਕਿਸੇ ਵੀ ਰਾਜਨੀਤਕ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ 'ਚ ਉਹੀ ਵਿਅਕਤੀ ਸ਼ਾਮਲ ਹੋਣਗੇ ਜੋ ਧਾਰਮਿਕ ਖਿਆਲਾਂ ਦੇ ਹੋਣਗੇ।
ਇਹ ਵੀ ਪੜ੍ਹੋ : ਕੈਪਟਨ ਨੇ ਬੰਦ ਕੀਤੀ 'ਗੇੜੀ', ਹੁਣ ਕਾਰ 'ਚ ਘੁੰਮਣਾ ਹੋਇਆ ਔਖਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਹੋਣ ਕਾਰਣ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਘੁਟਣ ਮਹਿਸੂਸ ਕਰ ਰਹੇ ਹਨ। ਜੋ ਦਰਬਾਰ ਸਾਹਿਬ 'ਚ ਕੀਰਤਨ ਕੀਤਾ ਜਾ ਰਿਹਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਕਹਿਣ ਅਨੁਸਾਰ ਹੀ ਕੀਤਾ ਜਾਂਦਾ ਹੈ। ਢੀਂਡਸਾ ਨੇ ਕਿਹਾ ਕਿ ਸੰਤ ਲੌਂਗੋਵਾਲ ਨੇ ਪਾਰਟੀ ਨੂੰ ਵੱਡਮੁੱਲੀਆਂ ਸੇਧਾਂ ਦਿੱਤੀਆਂ ਪਰ ਦੁੱਖ ਇਸ ਗੱਲ ਦਾ ਹੈ ਕਿ ਪਾਰਟੀ ਦੀ ਅਗਵਾਈ ਕਰਨ ਵਾਲੇ ਉਨ੍ਹਾਂ ਦੀਆਂ ਸੇਧਾਂ 'ਤੇ ਪੂਰਾ ਨਹੀਂ ਉੱਤਰੇ। ਪੰਥਕ ਰਿਵਾਇਤਾਂ ਤੇ ਸਿਧਾਂਤਕ ਲੀਹਾਂ 'ਤੇ ਚੱਲਦਿਆਂ ਪਾਰਟੀ ਬਹੁਤ ਵੱਡੇ ਮੁਕਾਮ ਵੱਲ ਵਧ ਰਹੀ ਸੀ, ਇਸ ਲੀਹ ਨੂੰ ਸੁਖਬੀਰ ਬਾਦਲ ਦੀਆਂ ਗਲਤੀਆਂ ਤੇ ਨਾਕਾਮੀਆਂ ਨੇ ਤੋੜ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਪੰਥਕ ਏਜੰਡਿਆਂ 'ਤੇ ਚੱਲ ਕੇ ਅਕਾਲੀ ਦਲ ਦੇ ਸਿਧਾਂਤਾਂ ਤੇ ਅਸੂਲਾਂ ਉੱਪਰ ਪਹਿਰਾ ਦੇਣ ਤੋਂ ਕਦੇ ਪਿੱਛੇ ਨਹੀਂ ਹਟੇਗਾ। ਇਹੋ ਹੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੋਚ ਸੀ ਅਤੇ ਇਹੀ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਰਾਜਿੰਦਰ ਸਿੰਘ ਕਾਂਝਲਾ, ਜਥੇ. ਗੁਰਬਚਨ ਸਿੰਘ ਬਚੀ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ 'ਚ ਦਾਖਲੇ ਲਈ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ