ਅਕਾਲੀ ਦਲ ਨੇ ਸ਼ਹੀਦ ਬਾਬੂ ਲਾਭ ਸਿੰਘ ਨੂੰ ਨਹੀਂ ਦਿੱਤਾ ਬਣਦਾ ਮਾਣ ਸਤਿਕਾਰ : ਢੀਂਡਸਾ
Tuesday, Mar 10, 2020 - 06:39 PM (IST)
ਜਲੰਧਰ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸ਼ਹੀਦ ਬਾਬੂ ਲਾਭ ਸਿੰਘ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਕਾਲਜ ਸਿਵਲ ਹਸਪਤਾਲ ਵਿਖੇ ਨਰਸਿੰਗ ਸਟਾਫ ਵੱਲੋਂ ਮਨਾਇਆ ਗਿਆ। ਇਸ ਮੌਕੇ ਸਮੂਹਿਕ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੋਏ, ਉਪਰੰਤ ਇਲਾਹੀ ਬਾਣੀ ਦਾ ਕੀਰਤਨ ਅਤੇ ਅਰਦਾਸ ਕੀਤੀ ਗਈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸ਼ਹੀਦ ਬਾਬੂ ਲਾਭ ਸਿੰਘ ਦਾ ਸ਼ਹੀਦੀ ਦਿਹਾੜਾ ਕੌਮੀ ਪੱਧਰ 'ਤੇ ਜਲੰਧਰ ਵਿਖੇ ਹਰ ਸਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਮੌਜੂਦਾ ਪ੍ਰਬੰਧਕਾਂ ਨੇ ਸ਼ਹੀਦ ਬਾਬੂ ਲਾਭ ਸਿੰਘ ਦੀ ਸ਼ਹਾਦਤ ਨੂੰ ਅਣਗੌਲਿਆਂ ਕਰ ਕੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਅੱਜ ਤੱਕ ਉਨ੍ਹਾਂ ਦਾ ਜਨਮ ਅਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਅਖਤਿਆਰੀ ਫੰਡ ਵਿਚੋਂ ਨਰਸਿੰਗ ਸਟਾਫ ਦੇ ਲਈ ਨਵੇਂ ਹਾਲ ਵਾਸਤੇ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨੇ ਸਿਆਸੀ ਸਮਝੌਤੇ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਅਕਾਲੀ ਆਗੂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚ ਆਏ ਨਿਘਾਰ ਨੂੰ ਦੂਰ ਕਰਨ ਲਈ ਯਤਨਸ਼ੀਲ ਹਾਂ। ਉਸ ਲਈ ਸਰਗਰਮੀਆਂ ਜਾਰੀ ਹਨ ਅਤੇ ਸੰਗਤਾਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਬਾਅਦ ਵਿਚ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਸਮੇਤ ਟਕਸਾਲੀ ਅਕਾਲੀ ਆਗੂ ਗੁਰਦੁਆਰਾ ਸ਼ਹੀਦ ਬਾਬੂ ਲਾਭ ਸਿੰਘ ਰੈਣਕ ਬਾਜ਼ਾਰ ਵਿਖੇ ਪੁੱਜੇ ਅਤੇ ਮੱਥਾ ਟੇਕਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਕਤ ਆਗੂਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੇਵਾ ਸਿੰਘ ਸੇਖਵਾਂ, ਡਾ. ਮਨਜੀਤ ਸਿੰਘ ਭੋਮਾ, ਗੁਰਚਰਨ ਸਿੰਘ ਚੰਨੀ, ਪ੍ਰਿੰਸੀਪਲ ਇੰਦਰਜੀਤ ਸਿੰਘ, ਸਰਬਜੀਤ ਸਿੰਘ ਜੰਮੂ, ਪਰਮਜੀਤ ਸਿੰਘ ਖਾਲਸਾ, ਹਰਜੀਤ ਕੌਰ ਤਲਵੰਡੀ, ਗੁਰਸ਼ੇਰ ਸਿੰਘ, ਸਿਮਰਨਜੀਤ ਕੌਰ ਸਿੱਧੂ, ਗੁਰਸੇਵ ਸਿੰਘ ਹਰਪਾਲਪੁਰ, ਦਵਿੰਦਰ ਸਿੰਘ ਸੋਢੀ, ਮੇਜਰ ਸਿੰਘ, ਤੇਜਿੰਦਰ ਸਿੰਘ ਪੰਨੂ, ਭਰਪੂਰ ਸਿੰਘ, ਮਹਿੰਦਰਪਾਲ ਸਿੰਘ ਬਿਨਾਕਾ, ਹਰਵਿੰਦਰ ਸਿੰਘ ਖਾਲਸਾ, ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸਰੂਪ ਸਿੰਘ ਢੇਸੀ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੋਫੈਸਰ ਮਨਦੀਪ ਸਿੰਘ, ਬੂਟਾ ਸਿੰਘ ਸਚਦੇਵਾ ਤੇ ਕੁਲਵੰਤ ਸਿੰਘ ਬੱਲ ਆਦਿ ਹਾਜ਼ਰ ਸਨ।