ਢੀਂਡਸਾ ਦੀ ਮੋਦੀ ਹਕੂਮਤ ''ਚ ਵਜ਼ੀਰ ਬਣਨ ਦੀ ਚਰਚਾ

Friday, Nov 22, 2019 - 02:35 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਜਹਾਜ਼ 'ਚੋਂ ਛਾਲ ਮਾਰ ਚੁੱਕੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਸਾਬਕਾ ਕੇਂਦਰੀ ਵਜ਼ੀਰ ਹੁਣ ਦਿੱਲੀ ਬੈਠੀ ਭਾਜਪਾ ਦੇ ਪਿਆਰੇ ਨੇਤਾ ਬਣ ਗਏ ਹਨ ਕਿ ਉਨ੍ਹਾਂ ਨੂੰ ਮੋਦੀ ਸਰਕਾਰ 'ਚ ਕੈਬਨਿਟ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਚਰਚਾ ਅੱਜਕੱਲ ਪੰਜਾਬ ਦੇ ਰਾਜਸੀ ਹਲਕਿਆਂ 'ਚ ਸਿਖਰਾਂ 'ਤੇ ਹੈ। ਸ. ਢੀਂਡਸਾ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚਰਚਾ 'ਚ ਆਏ ਸਨ ਪਰ ਹੁਣ ਉਨ੍ਹਾਂ ਦੀ ਭਾਜਪਾ ਨਾਲ ਅੱਤ ਦੀ ਨੇੜਤਾ ਅਤੇ ਉਨ੍ਹਾਂ ਨੂੰ ਵੱਡਾ ਮਾਣ ਮਿਲਣ ਦੀ ਚਰਚਾ ਸ਼ੁਰੂ ਹੈ।

ਜਾਣਕਾਰ ਸੂਤਰਾਂ ਨੇ ਦੱਸਿਆ ਕਿ ਹੁਣ ਢੀਂਡਸਾ ਨੂੰ ਦਿੱਲੀ ਬੈਠੀ ਭਾਜਪਾ ਪੰਜਾਬ ਦੇ ਵੱਡੇ ਕੱਦ ਦੇ ਈਮਾਨਦਾਰ, ਭਰੋਸੇ ਅਤੇ ਵਿਸ਼ਵਾਸ ਵਾਲੇ ਨੇਤਾ ਵਜੋਂ ਵੇਖ ਰਹੀ ਹੈ। ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਜੇਕਰ ਸ. ਢੀਂਡਸਾ ਨੂੰ ਇਹ ਮਾਣ ਦਿੱਤਾ ਗਿਆ ਤਾਂ 2022 'ਚ ਭਾਜਪਾ ਲਈ ਉਹ ਪੰਜਾਬ 'ਚ ਵੱਡੀ ਖੇਡ ਖੇਡ ਸਕਦੇ ਹਨ। ਜਦੋਂਕਿ ਦੂਜੇ ਪਾਸੇ ਦਿੱਲੀ ਤੋਂ ਇਕ ਹੋਰ ਖਬਰ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਿੱਲੀ ਬੈਠ ਕੇ ਪੰਜਾਬ ਵਿਚਲੇ ਅਕਾਲੀ ਦਲ ਦੇ ਨੇਤਾਵਾਂ, ਸਾਬਕਾ ਵਜ਼ੀਰ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਟਕਸਾਲੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ ਨਵੀਂ ਲਹਿਰ ਪੈਦਾ ਕੀਤੀ ਜਾ ਸਕੇ।

ਬਾਕੀ ਸ. ਢੀਂਡਸਾ ਕੇਂਦਰ ਸਰਕਾਰ 'ਚ ਵਜ਼ੀਰ ਬਣ ਗਏ ਤਾਂ ਉਨ੍ਹਾਂ ਦੇ ਆਲੇ-ਦੁਆਲੇ ਅਕਾਲੀ ਦਲ ਤੋਂ ਖਫਾ ਅਤੇ ਪ੍ਰੇਸ਼ਾਨ ਵੱਡੇ ਕੱਦ ਦੇ ਨੇਤਾਵਾਂ ਦਾ ਤਾਂਤਾ ਲਗ ਜਾਵੇਗਾ। ਜੇਕਰ ਉਹ ਖੁਦ ਪੰਜਾਬ ਦੀ ਸਰਗਰਮ ਰਾਜਨੀਤੀ 'ਚ ਕੁੱਦਣ ਦਾ ਐਲਾਨ ਕਰਦੇ ਹਨ ਤਾਂ ਪੰਜਾਬ 'ਚ ਬੈਠੇ ਅਕਾਲੀ ਅਤੇ ਟਕਸਾਲੀ ਨੇਤਾਵਾਂ ਦਾ ਝੁਕਾਅ ਉਨ੍ਹਾਂ ਵੱਲ ਹੋ ਸਕਦਾ ਹੈ। ਇੱਥੇ ਹੀ ਬਸ ਨਹੀਂ, ਫਿਰ ਭਾਜਪਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਢੀਂਡਸਾ ਧੜੇ ਨਾਲ ਆ ਸਕਦੀ ਹੈ ਕਿਉਂਕਿ ਭਾਜਪਾ ਨੂੰ ਪਤਾ ਹੈ ਕਿ ਤਿੰਨ ਸਾਲ ਹੋ ਗਏ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਚਿੱਟੇ ਦੇ ਦੋਸ਼ ਜਿਓਂ ਦੇ ਤਿਓਂ ਲਗ ਰਹੇ ਹਨ। ਜੋ 2022 ਤੱਕ ਜਾਰੀ ਰਹਿ ਸਕਦੇ ਹਨ। ਇਸ ਲਈ ਭਾਜਪਾ ਕੋਈ ਵੀ ਪੱਤਾ ਖੇਡ ਸਕਦੀ ਹੈ।


Anuradha

Content Editor

Related News