ਢੀਂਡਸਾ ਧੜੇ ਨੇ ਪਾਸ ਕੀਤੇ ਸੱਤ ਮਤੇ, ਸੁਖਬੀਰ ਬਾਦਲ ਤੋਂ ਮੰਗਿਆ ਸਪੱਸ਼ਟੀਕਰਨ
Saturday, Jul 18, 2020 - 06:39 PM (IST)
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ (ਡੀ) ਦੀ ਇਕੱਤਰਤਾ ਸੁਖਦੇਵ ਸਿੰਘ ਢੀਂਡਸਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ। ਇਸ ਇਕੱਤਰਤਾ ਦੌਰਾਨ ਕਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ, ਜਿਨ੍ਹਾਂ ਮਤਿਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਦੀ ਗੁੰਮਸ਼ੁਦਗੀ ਸਬੰਧੀ ਪਸ਼ਚਾਤਾਪ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਲੜੀਵਾਰ ਸ੍ਰੀ ਗ੍ਰੰਥ ਸਾਹਿਬ ਦੇ ਭੋਗ ਪਾਏ ਜਾਣਗੇ, ਜਿਸ ਦੀ ਸ਼ੁਰੂਆਤ ਸ੍ਰੀ ਮਸਤੂਆਣਾ ਸਾਹਿਬ ਸੰਗਰੂਰ ਤੋਂ 30 ਜੁਲਾਈ ਨੂੰ ਆਰੰਭ ਕਰਕੇ 1 ਅਗਸਤ ਨੂੰ ਭੋਗ ਪਾਏ ਜਾਣਗੇ। ਇਸ ਲੜੀ ਦੀ ਸਮਾਪਤੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇਗੀ। ਦੂਜੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਿਸਾਨ ਜਥੇਬੰਦੀਆਂ ਵਲੋਂ 20 ਜੁਲਾਈ ਦੇ ਮੁਜ਼ਾਹਰੇ ਦਾ ਸਮਰਥਨ ਕਰਦੀ।
ਇਹ ਵੀ ਪੜ੍ਹੋ : ਰਾਜਾਸਾਂਸੀ ਏਅਰਪੋਰਟ 'ਤੇ ਸੋਨੇ ਦੀ ਵੱਡੀ ਖੇਪ ਫੜੀ, ਇੰਝ ਲੁਕਾਇਆ ਸੋਨਾ ਦੇਖ ਅਧਿਕਾਰੀ ਵੀ ਹੈਰਾਨ
ਤੀਜੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਡੇਰਾ ਸਿਰਸਾ ਮੁਖੀ ਵਲੋਂ ਸਵਾਂਗ ਦੇ ਮਾਮਲੇ ਵਿਚ ਸਾਧ ਦੀ ਪੁਸ਼ਾਕ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਵਾ 3 ਸਾਲ ਦੌਰਾਨ ਡੇਰਾ ਮੁਖੀ ਦੇ ਸਵਾਂਗ ਦੀ ਕਾਰਵਾਈ ਸਬੰਧੀ ਸਿੱਖ ਪੰਥ ਨੂੰ ਜਾਣਕਾਰੀ ਦੇਣ ਦੀ ਮੰਗ ਕੀਤੀ ਗਈ ਹੈ। ਚੌਥੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਚੋਣ ਕਮਿਸ਼ਨ ਦੀ ਜਲਦੀ ਨਿਯੁਕਤੀ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਚੋਣਾਂ ਜਲਦੀ ਕਰਵਾਉਣ ਦੀ ਮੰਗ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)
ਪੰਜਵੇਂ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਕੇਂਦਰ ਅਤੇ ਪੰਜਾਬ ਸਰਕਾਰ ਯੂ. ਏ. ਪੀ. ਏ. ਕਾਨੂੰਨ ਸਬੰਧੀ ਸਿੱਖ ਨੌਜਵਾਨਾਂ ਖ਼ਿਲਾਫ਼ ਧੜਾ-ਧੜ ਕੀਤੇ ਜਾ ਰਹੇ ਝੂਠੇ ਪਰਚਿਆਂ ਨੂੰ ਰਿਵਿਊ ਕਰਕੇ ਨਾਜਾਇਜ਼ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਛੇਵੇਂ ਮਤੇ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜੱਥੇਬੰਦਕ ਢਾਂਚਾ ਵਿਧਾਨ ਮੁਤਾਬਿਕ ਬਣਾਉਣ ਲਈ ਜਲਦੀ ਭਰਤੀ ਸ਼ੁਰੂ ਕੀਤੀ ਜਾਵੇਗੀ ਅਤੇ ਕੰਮ ਚਲਾਉਣ ਲਈ ਸੰਵਿਧਾਨ ਕਮੇਟੀ, ਤਾਲਮੇਲ ਕਮੇਟੀ ਅਤੇ ਮੀਡੀਆ ਕਮੇਟੀ ਆਦਿ ਜਲਦੀ ਬਣਾਈਆਂ ਜਾਣਗੀਆਂ। ਸੱਤਵੇਂ ਮਤੇ ਵਿਚ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਪੰਥ ਦੇ ਵਡੇਰੇ ਹਿੱਤਾਂ ਵਿਚ ਪੰਜਾਬ ਨਾਲ ਸਬੰਧਤ ਉਚ ਅਹੁਦਿਆਂ ਤੋਂ ਸੇਵਾ ਮੁਕਤ ਹੋਏ ਅਫ਼ਸਰ ਸਾਹਿਬਾਨਾਂ, ਵਿਦਵਾਨਾਂ, ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਉਹ ਅੱਗੇ ਆਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਵਡਮੁੱਲੇ ਸੁਝਾਅ ਦੇ ਕੇ ਸਹਿਯੋਗ ਦੇਣ। ਇਸ ਇਕੱਤਰਤਾ ਵਿਚ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਜਥੇਦਾਰ ਸੇਵਾ ਸਿੰਘ ਸੇਖਵਾ, ਪਰਮਜੀਤ ਕੌਰ ਗੁਲਸ਼ਨ, ਜਸਟਿਸ ਨਿਰਮਲ ਸਿੰਘ, ਜਗਦੀਸ਼ ਸਿੰਘ ਗਰਚਾ, ਮਾਨ ਸਿੰਘ ਗਰਚਾ, ਹਰਜੀਤ ਕੌਰ ਤਲਵੰਡੀ, ਬੀਰਦਵਿੰਦਰ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਨਿਧੜਕ ਸਿੰਘ ਬਰਾੜ, ਰਣਧੀਰ ਸਿੰਘ ਰੱਖੜਾ, ਤੇਜਿੰਦਰ ਪਾਲ ਸਿੰਘ ਸੰਧੂ, ਰਾਜਿੰਦਰ ਸਿੰਘ ਕਾਂਝਲਾ, ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਗੁਰਬਚਨ ਸਿੰਘ ਬੱਚੀ, ਸੁਖਵੰਤ ਸਿੰਘ ਸਰਾਓ, ਕੈ. ਤੇਜਿੰਦਰਪਾਲ ਸਿੰਘ ਸਿੱਧੂ, ਦੇਸ ਰਾਜ ਸਿੰਘ ਧੁੱਗਾ, ਗੁਰਚਰਨ ਸਿੰਘ ਚੰਨੀ, ਦਵਿੰਦਰ ਸਿੰਘ ਸਿੰਘ ਸੋਢੀ, ਹਰਪ੍ਰੀਤ ਸਿੰਘ ਗਰਚਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ