ਜਲੰਧਰ ਪੁਲਸ ਕਮਿਸ਼ਨਰ ਦੇ ਤਿੱਖੇ ਤੇਵਰ, ਅਧਿਕਾਰੀਆਂ ਨੂੰ ਕਿਹਾ-ਮੇਰਾ ਕੰਮ ਕਰਨ ਦਾ ਢੰਗ ਵੱਖ, ਤੁਸੀਂ ਖ਼ੁਦ ਨੂੰ ਬਦਲੋ

09/12/2021 1:03:49 PM

ਜਲੰਧਰ (ਸੁਧੀਰ)–ਸ਼ਹਿਰ ਦੇ ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ, ਚੋਰਾਂ-ਲੁਟੇਰਿਆਂ ਅਤੇ ਮੁਲਜ਼ਮਾਂ ਦੀ ਨਕੇਲ ਕੱਸਣ ਲਈ ਸਥਾਨਕ ਪੁਲਸ ਲਾਈਨਜ਼ ਵਿਚ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ 2 ਵਾਰ ਵੱਖ-ਵੱਖ ਸਮੇਂ ’ਤੇ ਮੀਟਿੰਗ ਕੀਤੀ। ਸਭ ਤੋਂ ਪਹਿਲਾਂ ਕਮਿਸ਼ਨਰੇਟ ਪੁਲਸ ਦੇ ਜ਼ੋਨ-1 ਅਤੇ ਬਾਅਦ ਵਿਚ ਜ਼ੋਨ-2 ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਮੀਟਿੰਗ ਵਿਚ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਤਿੱਖੇ ਤੇਵਰ ਵਿਖਾਉਂਦਿਆਂ ਅਧਿਕਾਰੀਆਂ ਨੂੰ ਸਾਫ਼ ਕਿਹਾ ਕਿ ਮੇਰਾ ਕੰਮ ਕਰਨ ਦਾ ਢੰਗ ਬਿਲਕੁਲ ਵੱਖ ਹੈ, ਜਾਂ ਤਾਂ ਤੁਸੀਂ ਖ਼ੁਦ ਨੂੰ ਬਦਲ ਲਓ ਜਾਂ ਫਿਰ ਆਪਣੇ ਕੰਮ ਕਰਨ ਦਾ ਢੰਗ। ਪੁਲਸ ਕਮਿਸ਼ਨਰ ਨੇ ਘਿਨੌਣੇ ਜੁਰਮਾਂ ਵਿਚ ਫ਼ਰਾਰ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਲਈ ਵਿਸ਼ੇਸ਼ ਟਾਸਕ-ਫੋਰਸ ਵੀ ਬਣਾਈ, ਜਿਸ ਵਿਚ ਉਨ੍ਹਾਂ ਪਹਿਲ ਦੇ ਆਧਾਰ ’ਤੇ ਸੁਖਮੀਤ ਡਿਪਟੀ ਅਤੇ ਟਿੰਕੂ ਹੱਤਿਆਕਾਂਡਾਂ ਸਮੇਤ ਹੋਰ ਕਈ ਮਾਮਲਿਆਂ ਵਿਚ ਫ਼ਰਾਰ ਚੱਲ ਰਹੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਜਾਰੀ ਕੀਤੇ।

ਇਹ ਵੀ ਪੜ੍ਹੋ: ਨੂਰਮਹਿਲ 'ਚ ਖ਼ੂਨ ਨਾਲ ਲਥਪਥ ਮਿਲੀ ਔਰਤ ਦੀ ਲਾਸ਼, ਪੁੱਤ ਤੇ ਨੂੰਹ 'ਤੇ ਕਤਲ ਦਾ ਸ਼ੱਕ

PunjabKesari

ਸੀ. ਪੀ. ਨੇ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨੂੰ ਨਿਰਦੇਸ਼ ਦਿੱਤੇ ਕਿ ਥਾਣਾ ਪੱਧਰ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਹੋਣਾ ਚਾਹੀਦਾ ਹੈ ਅਤੇ ਥਾਣਿਆਂ ਵਿਚ ਆਉਣ ਵਾਲੀਆਂ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਲੋਕਾਂ ਨੂੰ ਥਾਣਾ ਪੱਧਰ ’ਤੇ ਹੀ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਸਾਫ਼ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਅਜਿਹੇ ਜੁਰਮਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਉਣ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਜਲਦ ਕਾਬੂ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਲਈ ਕਿਹਾ।

ਇਹ ਵੀ ਪੜ੍ਹੋ: ਫਰੈਂਡਜ਼ ਕਾਲੋਨੀ ਦੇ ਬਹੁ-ਚਰਚਿਤ ਰਾਣਾ ਜੋੜੇ ਦੇ ਖ਼ੁਦਕੁਸ਼ੀ ਕੇਸ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ

ਸੀ. ਪੀ. ਨੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਾਫ਼ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵਿਚੋਂ ਕਿਸੇ ਦੀ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਜਾਂ ਭ੍ਰਿਸ਼ਟਾਚਾਰ ਕਰਨ ਦੀ ਸ਼ਿਕਾਇਤ ਸਾਹਮਣੇ ਆਈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਦੇ ਨਾਲ ਹੀ ਸ਼ਹਿਰ ਵਿਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਤਿਉਹਾਰੀ ਸੀਜ਼ਨ ਨੇੜੇ ਆਉਣ ਦੇ ਮੱਦੇਨਜ਼ਰ ਸੁਰੱਖਿਆ ਵਧਾਉਣ ਅਤੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਨ, ਸ਼ਾਪਿੰਗ ਮਾਲਜ਼, ਬਾਜ਼ਾਰਾਂ ਅਤੇ ਸ਼ਹਿਰ ਦੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਪੀ. ਸੀ. ਆਰ. ਮੁਲਾਜ਼ਮਾਂ ਦੀ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਵੀ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਪੋਕਸੋ ਅਤੇ ਅਗਵਾ ਦੇ ਸਾਰੇ ਪੈਂਡਿੰਗ ਮਾਮਲਿਆਂ ਦਾ ਜਲਦ ਨਿਬੇੜਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ (ਆਈ. ਪੀ. ਐੱਸ.), ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ, ਏ. ਸੀ. ਪੀ. ਸੈਂਟਰਲ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਸਮੇਤ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਅਤੇ ਥਾਣਾ ਇੰਚਾਰਜ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਕਤਲ ਕਰਕੇ ਖੇਤਾਂ ’ਚ ਸੁੱਟੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News