ਸੁਖਬੀਰ ਦੀ 6 ਫਰਵਰੀ ਨੂੰ ਅਗਨੀ ਪ੍ਰੀਖਿਆ!

01/25/2018 7:32:49 AM

ਲੁਧਿਆਣਾ (ਮੁੱਲਾਂਪੁਰੀ)  - ਵਿਧਾਨ ਸਭਾ ਵੱਲੋਂ ਬਣਾਈ ਗਈ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੀਕਰ ਕੇ. ਪੀ. ਰਾਣਾ ਨੂੰ 'ਗੁੰਡਾ' ਸਮੇਤ ਹੋਰ ਤਲਖੀ ਭਰੇ ਸ਼ਬਦ ਕਹਿਣ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਲੋਕ ਇਨਸਾਫ ਪਾਰਤੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਕੁੱਟ-ਮਾਰ ਤੇ ਖਿੱਚ-ਧੂਹ ਕਰਨ ਦੇ ਮਾਮਲੇ 'ਚ ਤਲਬ ਕਰਨ ਦੀ ਖ਼ਬਰ ਆਉਣ 'ਤੇ ਸਿਆਸੀ ਹਲਕਿਆਂ 'ਚ ਇਸ ਪੇਸ਼ੀ ਨੂੰ ਲੈ ਕੇ 'ਜਿੰਨੇ ਮੂੰਹ ਓਨੀਆਂ ਗੱਲਾਂ' ਹੋ ਰਹੀਆਂ ਸਨ।  ਸੁਖਬੀਰ ਬਾਦਲ ਵੱਲੋਂ ਉਸ ਵੇਲੇ ਬੋਲੇ ਬੋਲ ਵੱਖ-ਵੱਖ ਚੈਨਲਾਂ ਅਤੇ ਮੀਡੀਆ ਦੀਆਂ ਸੁਰਖੀਆਂ ਬਣੇ ਸਨ, ਜਿਸ ਕਾਰਨ ਜਵਾਬਦੇਹੀ ਹੋਵੇਗੀ। ਇਸ ਮਾਮਲੇ 'ਤੇ ਉੱਚੇ ਕੱਦ ਦੇ ਸਿਆਸੀ ਨੇਤਾਵਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਮਰਿਆਦਾ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਣਗੇ। ਜਦੋਂ ਇਸ ਮਾਮਲੇ ਬਾਰੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰਿਆਦਾ ਕਮੇਟੀ ਅੱਗੇ ਬੁਲਾਏ ਗਏ ਹਰ ਵਿਧਾਇਕ ਨੂੰ ਪੇਸ਼ ਹੋਣਾ ਪੈਂਦਾ, ਜਿਸ ਨੂੰ ਉਹ ਸੱਦਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਪੇਸ਼ ਨਹੀਂ ਹੁੰਦਾ, ਤਾਂ ਮਰਿਆਦਾ ਕਮੇਟੀ ਵਿਧਾਨ ਸਭਾ ਹਾਊਸ ਨੂੰ ਵਿਧਾਇਕ ਖਿਲਾਫ ਬਣਦੀ ਕਾਰਵਾਈ ਲਈ ਸਿਫਾਰਸ਼ ਕਰਦੀ ਹੈ, ਜਿਸ ਕਾਰਨ ਵਿਧਾਇਕ ਦੀ  ਕੁਰਸੀ ਖਤਰੇ 'ਚ ਪੈ ਸਕਦੀ ਹੈ।
ਦੂਸਰੇ ਪਾਸੇ ਸਿਆਸੀ ਪੰਡਤਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਇਹ ਪੇਸ਼ੀ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ, ਕਿਉਂਕਿ ਵਿਰੋਧੀ ਧਿਰ ਦੀ ਕੁਰਸੀ ਵੀ ਗੁਆ ਚੁੱਕੇ ਅਕਾਲੀ ਦਲ ਨੂੰ ਵਿਧਾਨ ਸਭਾ ਕਮੇਟੀ ਤੋਂ ਖਰੀਆਂ-ਖਰੀਆਂ ਸੁਣਨੀਆਂ ਪੈ ਸਕਦੀਆਂ ਹਨ। ਇਸ ਲਈ ਹੁਣ ਦੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ 6 ਫਰਵਰੀ ਨੂੰ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੇ ਹਨ।


Related News