ਸੁਖਬੀਰ ਦਾ ਬਿਆਨ ਦਰਸਾਉਂਦਾ ਹੈ ਕਿਤੇ ਮਾਮਲਾ ਗੜਬੜ ਤਾਂ ਨਹੀਂ

09/16/2017 7:30:35 AM

ਜਲੰਧਰ - ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਭਾਜਪਾ ਨਾਲ ਮੱਤਭੇਦ ਭੁਲਾ ਕੇ ਇਕਜੁੱਟਤਾ ਨਾਲ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਰਹੀ ਉਪ ਚੋਣ 'ਚ ਹਿੱਸੇਦਾਰੀ ਨਿਭਾਉਣ ਦੀ ਗੱਲ ਕਹੀ ਹੈ। ਉਨ੍ਹਾਂ ਦਾ ਇਹ ਬਿਆਨ ਦਰਸਾਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਵਿਚ ਕੁਝ ਮਾਮਲਾ ਗੜਬੜ ਹੈ। ਇਸ ਸਾਲ 4 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 10 ਸਾਲ ਤੱਕ ਸੱਤਾ 'ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਨੂੰ ਇਨ੍ਹਾਂ ਚੋਣਾਂ ਵਿਚ 15 ਅਤੇ ਭਾਜਪਾ ਨੂੰ ਸਿਰਫ 3 ਸੀਟਾਂ ਹੀ ਹਾਸਲ ਹੋਈਆਂ ਸਨ। ਚੋਣਾਂ ਵਿਚ ਗੱਠਜੋੜ ਨੂੰ ਮਿਲੀਆਂ ਸਿਰਫ 18 ਸੀਟਾਂ ਨਾਲ ਦੋਵੇਂ  ਪਾਰਟੀਆਂ ਨੂੰ ਇਕਜੁਟਤਾ ਨਾਲ ਰਹਿਣ ਦਾ ਅਹਿਸਾਸ ਹੋਇਆ ਹੈ। ਇਸੇ ਕਾਰਨ  ਸ਼ਿਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨੂੰ ਇਕਜੁਟਤਾ ਨਾਲ ਲੋਕ ਸਭਾ ਉਪ ਚੋਣ ਲੜਨ ਲਈ ਕਿਹਾ ਹੈ।
ਇਕ ਦੀ ਹਾਰ ਦੂਸਰੇ ਦੀ ਜਿੱਤ ਨਹੀਂ ਹੋ ਸਕਦੀ
ਬੈਠਕ ਵਿਚ ਮੌਜੂਦ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸੁਖਬੀਰ ਬਾਦਲ ਨੇ ਕਿਹਾ ਕਿ ਇਕ ਵਾਰ ਹਾਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਮੁੜ ਨਹੀਂ ਜਿੱਤਾਂਗੇ। ਇਸ ਲਈ ਸਭ ਗਿਲੇ-ਸ਼ਿਕਵੇ ਮਿਟਾ ਕੇ ਇਕਜੁਟਤਾ ਨਾਲ ਚੋਣਾਂ ਵਿਚ ਹਿੱਸਾ ਲਓ। ਇਕ ਦੀ ਹਾਰ ਦੂਜੇ ਦੀ ਜਿੱਤ ਨਹੀਂ ਹੋ ਸਕਦੀ। ਇਸ ਮੌਕੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਨਿਰਮਲ ਸਿੰਘ ਕਾਹਲੋਂ, ਸੁੱਚਾ ਸਿੰਘ ਲੰਗਾਹ, ਗੁਰਚਰਨ ਸਿੰਘ ਬੱਬੇਹਾਲੀ, ਲਖਬੀਰ ਸਿੰਘ ਲੋਧੀਨੰਗਲ ਅਤੇ ਜਗਰੂਪ ਸਿੰਘ ਸੇਖਵਾਂ ਵੀ ਮੌਜੂਦ ਸਨ। ਇਸ ਦੌਰਾਨ ਵਿਧਾਨ ਸਭਾ ਚੋਣਾਂ ਹਾਰੇ ਪਾਰਟੀ ਦੇ ਇਕ ਨੇਤਾ ਨੇ ਚੋਣਾਂ ਵਿਚ ਗੱਠਜੋੜ ਸਹਿਯੋਗੀ ਵਲੋਂ  ਸਾਥ ਨਾ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ। ਇਸ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਭ ਇਕਜੁਟ ਹਾਂ ਅਤੇ ਇਹ ਸੀਟ ਅਸੀਂ ਹਰ ਹਾਲ ਵਿਚ ਗੱਠਜੋੜ ਲਈ ਜਿੱਤਣੀ ਹੈ।
ਕੋਰ ਕਮੇਟੀ ਦੀ ਮੀਟਿੰਗ ਬੁਲਾਈ
ਇਹ ਵੀ ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋ ਰਹੀ ਉਪ ਚੋਣ ਦੀ ਸਟੈਟਰਜੀ (ਨੀਤੀ) ਬਣਾਉਣ ਲਈ 18 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਬੁਲਾਈ ਹੈ। ਬੈਠਕ ਦੇ ਬਾਅਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕਰਕੇ ਚੋਣ ਸਟੈਟਰਜੀ 'ਤੇ ਗੱਲ ਕਰੇਗੀ। ਪਾਰਟੀ ਬੁਲਾਰੇ ਅਤੇ ਸੀਨੀਅਰ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਮੀਟਿੰਗ ਦੇ ਬਾਅਦ ਦੱਸਿਆ ਕਿ ਅਕਾਲੀ ਦਲ ਵਲੋਂ 21 ਤੋਂ 23 ਸਤੰਬਰ ਤੱਕ ਗੁਰਦਾਸਪੁਰ ਵਿਧਾਨ ਸਭਾ ਹਲਕਿਆਂ ਵਿਚ ਇਸ ਚੋਣ ਨੂੰ ਲੈ ਕੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ।
ਭਿੰਡਰ ਦੀਆਂ ਪ੍ਰਾਪਤੀਆਂ ਵੀ ਘੱਟ ਨਹੀਂ
ਕਾਂਗਰਸ ਦੀ ਸੰਸਦ ਸੁਖਬੰਸ ਕੌਰ ਭਿੰਡਰ ਦੀਆਂ ਉਪਲਬਧੀਆਂ ਵੀ ਘੱਟ ਨਹੀਂ ਹਨ। ਉਨ੍ਹਾਂ ਨੇ ਗੁਰਦਾਸਪੁਰ ਵਿਚ ਸਰਕਾਰੀ ਬੇਅੰਤ ਕਾਲਜ ਆਫ਼ ਇੰਜੀਨੀਅਰਿੰਗ ਅਤੇ ਹੋਟਲ ਮੈਨੇਜਮੈਂਟ ਕਾਲਜਾਂ ਦੀ ਸਥਾਪਨਾ ਕੀਤੀ। ਗੁਰਦਾਸਪੁਰ ਵਿਚ ਲੱਗੀ ਸ਼ੂਗਰ ਮਿੱਲ ਵੀ ਉਨ੍ਹਾਂ ਦੀ ਹੀ ਦੇਣ ਹੈ ਜਦਕਿ ਇਸ ਤੋਂ ਇਲਾਵਾ ਹੋਰ ਕਈ ਕੰਮ ਉਨ੍ਹਾਂ ਨੇ ਕਰਵਾਏ ਅਤੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਵਾਇਆ।


Related News