ਸੁਖਬੀਰ ਬਾਦਲ ਦੇ ਕਾਂਗਰਸ ''ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ

Wednesday, Jan 12, 2022 - 10:36 AM (IST)

ਸੁਖਬੀਰ ਬਾਦਲ ਦੇ ਕਾਂਗਰਸ ''ਤੇ ਰਗੜੇ, ਕਿਹਾ-ਨਿਕੰਮੀ ਸਰਕਾਰ ਨੂੰ ਚੱਲਦਾ ਕਰਨ ਦਾ ਲੋਕਾਂ ਨੇ ਬਣਾ ਲਿਐ ਮਨ

ਜਲੰਧਰ (ਲਾਭ ਸਿੰਘ ਸਿੱਧੂ)– ਕਾਂਗਰਸ ਦੀ ਨਿਕੰਮੀ ਅਤੇ ਭ੍ਰਿਸ਼ਟ ਸਰਕਾਰ ਨੂੰ ਚੱਲਦਾ ਕਰਨ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਅਤੇ ਹੁਣ ਇਹ ਸਰਕਾਰ ਸਿਰਫ਼ ਕੁਝ ਦਿਨਾਂ ਦੀ ਮਹਿਮਾਨ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬੀਤੇ ਦਿਨ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ। ਪਿਛਲੇ 5 ਸਾਲਾ ਦੌਰਾਨ ਸੂਬੇ ਵਿਚ ਕੋਈ ਵਿਕਾਸ ਕੰਮ ਨਹੀਂ ਹੋਇਆ ਅਤੇ ਕਾਂਗਰਸ ਦੇ ਮੰਤਰੀ ਅਤੇ ਲੀਡਰ ਆਪਸ ਵਿਚ ਹੀ ਲੜਦੇ ਰਹੇ। ਕਾਂਗਰਸ ਸਰਕਾਰ ਦਾ ਸੂਬੇ ਦੇ ਵਿਕਾਸ ਲਈ ਵਿਜ਼ਨ ਹੀ ਨਹੀਂ ਸੀ। ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਵਿਕਾਸ ਕੰਮ ਕਰਵਾਉਣ ਦੀ ਬਜਾਏ ਆਪਣੀਆਂ ਤਿਜੌਰੀਆਂ ਭਰਨ ’ਤੇ ਹੀ ਜ਼ੋਰ ਦਿੱਤਾ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਹਮੇਸ਼ਾ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਚੱਕਰ ਵਿਚ ਰਹੇ, ਜਿਸ ਦੀ ਤਾਜ਼ਾ ਉਦਾਹਰਣ ਕੱਲ ਮੋਗਾ ਵਿਖੇ ਦੋਵਾਂ ਦੀ ਪ੍ਰੈੱਸ ਕਾਨਫ਼ਰੰਸ ਸਮੇਂ ਵੀ ਵੇਖਣ ਨੂੰ ਮਿਲੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲੈਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਇਥੇ ਆ ਕੇ ਜਿਹੜੀਆਂ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਨ, ਪਹਿਲਾਂ ਉਹ ਗਾਰੰਟੀਆਂ ਦਿੱਲੀ ਵਿਚ ਲਾਗੂ ਕਰਨ। ਉਹ ਤਾਂ ਸਿਰਫ਼ ਵੋਟਰਾਂ ਨੂੰ ਭਰਮਾਉਣ ਲਈ ਕੁਫਰ ਤੋਲ ਰਹੇ ਹਨ। ਉਨ੍ਹਾਂ ਲੋਕਾਂ ਨੂੰ ਦੇਣਾ ਕੁਝ ਵੀ ਨਹੀਂ।

ਇਹ ਵੀ ਪੜ੍ਹੋ: ਜਲੰਧਰ: ਚੋਣ ਜ਼ਾਬਤੇ ’ਚ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ਐਪ ਜ਼ਰੀਏ ਤੁਹਾਡੇ ’ਤੇ ਰਹੇਗੀ ਪੂਰੀ ਨਜ਼ਰ

‘ਆਪ’ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਪਏ ਕਲੇਸ਼ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕਈ ‘ਆਪ’ ਆਗੂਆਂ ’ਤੇ ਟਿਕਟਾਂ ਵੇਚਣ ਦੇ ਦੋਸ਼ ਲੱਗੇ ਸਨ ਤੇ ਹੁਣ ਵੀ ਉਨ੍ਹਾਂ ’ਤੇ ਉਹੀ ਦੋਸ਼ ਲੱਗ ਰਹੇ ਹਨ। ਸੂਬੇ ਦੇ ਲੋਕ ‘ਆਪ’ ਦੀ ਚਾਲਬਾਜ਼ੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਹ ਇਨ੍ਹਾਂ ਦੇ ਭਰਮ-ਭੁਲੇਖਿਆਂ ’ਚ ਨਹੀਂ ਆਉਣ ਵਾਲੇ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਤਾਂ ‘ਆਪ’ ਨੂੰ ਕੁਝ ਸੀਟਾਂ ਮਿਲ ਗਈਆਂ ਸਨ ਪਰ ਹੁਣ ਇਸ ਵਾਰ ਤਾਂ ਉਸਦਾ ਬੋਰੀਆ-ਬਿਸਤਰਾ ਪੂਰੀ ਤਰ੍ਹਾਂ ਗੋਲ ਹੋ ਜਾਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਵਿਚ ਉਨ੍ਹਾਂ 70 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿਚ ਰੈਲੀਆਂ ਕੀਤੀਆਂ, ਜਿਨ੍ਹਾਂ ਵਿਚ ਹੋਏ ਇਕੱਠਾਂ ਨੂੰ ਸਾਹਮਣੇ ਰੱਖ ਕੇ ਉਹ ਕਹਿ ਸਕਦੇ ਹਨ ਕਿ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ। ਸੂਬੇ ਦੇ ਲੋਕਾਂ ਵਿਚ ਸੱਤਾ ਤਬਦੀਲੀ ਲਈ ਭਾਰੀ ਉਤਸ਼ਾਹ ਹੈ। ਲੋਕ ਜਾਣਦੇ ਹਨ ਕਿ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਹੀ ਸੂਬੇ ਦਾ ਵਿਕਾਸ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਅਸੀਂ ਕਹਿੰਦੇ ਹਾਂ, ਉਹ ਕਰਕੇ ਵਿਖਾਉਂਦੇ ਵੀ ਹਾਂ। ਇਹ ਸਾਡਾ ਪਿਛਲਾ ਰਿਕਾਰਡ ਬੋਲਦਾ ਹੈ।

ਇਹ ਵੀ ਪੜ੍ਹੋ: ਪੰਜਾਬ ਚੋਣਾਂ ’ਚ NRIs ਦਾ ਹੁੰਦੈ ਅਹਿਮ ਰੋਲ, ਪਾਰਟੀਆਂ ਦੀ ਰਹੇਗੀ ਵਿਸ਼ੇਸ਼ ਨਜ਼ਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News