ਕੇਂਦਰ ਦੀ ਭਾਜਪਾ ਸਰਕਾਰ ''ਤੇ ਸੁਖਬੀਰ ਦਾ ਵੱਡਾ ਹਮਲਾ, ਕਿਹਾ-ਪੰਜਾਬ ਨਾਲ ਕਰ ਰਹੀ ਦੁਸ਼ਮਣਾਂ ਵਾਲਾ ਸਲੂਕ
Sunday, Nov 08, 2020 - 06:29 PM (IST)
ਅੰਮ੍ਰਿਤਸਰ (ਛੀਨਾ)— ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇਂ ਹੱਥੀ ਲੈਂਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਦੀ ਸਰਕਾਰ 'ਤੇ ਵੀ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ 'ਤੇ ਪੰਜਾਬ ਨਾਲ ਇਹੋ ਜਿਹਾ ਸਲੂਕ ਕਰ ਰਹੀ ਹੈ, ਜਿਵੇਂ ਕਿਸੇ ਦੁਸ਼ਮਣਾਂ ਨਾਲ ਕੀਤਾ ਜਾਂਦਾ ਹੈ। ਇਸ ਮੌਕੇ 'ਤੇ ਸੁਖਬੀਰ ਬਾਦਲ ਨੇ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਐਡਵੋਕੇਟ ਆਰ. ਪੀ. ਸਿੰਘ ਮੈਣੀ ਨੂੰ ਪਾਰਟੀ ਦਾ ਸਪੋਕਸਮੈਨ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਪੰਜਾਬ ਨੂੰ ਡੀਲ ਕਰ ਰਹੀ ਹੈ, ਜਿਵੇਂ ਉਹ ਪਾਕਿਸਤਾਨ ਨੂੰ ਡੀਲ ਕਰ ਰਹੀ ਹੋਵੇ। ਕੇਂਦਰ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਕਿਸਾਨ ਅੱਜ ਰੇਲਵੇ ਟਰੈਕ 'ਤੇ ਪੱਟੜੀਆਂ 'ਤੇ ਬੈਠੇ ਹਨ, ਉਹ ਆਪਣੇ ਹੱਕਾਂ ਲਈ ਪੱਟੜੀਆਂ 'ਤੇ ਬੈਠੇ ਹਨ। ਕੇਂਦਰ ਸਰਕਾਰ ਦਾ ਪੰਜਾਬ ਦੇ ਪ੍ਰਤੀ ਰਵੱਈਆ ਬੇਹੱਦ ਮਾੜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੇ ਕਿਸਾਨ ਸੜਕਾਂ 'ਤੇ ਬੈਠੇ ਹਨ ਅਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮਹਿਲਾਂ 'ਚ ਐਸ਼ ਕਰ ਰਿਹਾ ਹੈ। ਸੁਖਬੀਰ ਬਾਦਲ ਨੇ ਆਖਿਆ ਕਿ ਕੈਪਟਨ ਨੂੰ ਦਿੱਲੀ 'ਚ ਧਰਨਾ ਲਗਾਉਣ ਵਰਗੀ ਡਰਾਮੇਬਾਜ਼ੀ ਕਰਨ ਦੀ ਬਜਾਏ ਕੇਂਦਰੀ ਬਿੱਲਾਂ 'ਤੇ ਰੋਕ ਅਤੇ ਰੇਲਾਂ ਚਲਾਉਣ ਦੇ ਮਸਲੇ 'ਚ ਦੇਸ਼ ਦੇ ਪ੍ਰਧਾਨ ਮੰਤਰੀ, ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਗੱਲਬਾਤ ਕਰਨੀ ਚਾਹੀਦੀ ਸੀ। ਸੁਖਬੀਰ ਬਾਦਲ ਨੇ ਪੰਜਾਬ ਦੇ ਹਾਲਾਤਾਂ ਬਾਰੇ ਗੱਲ ਕਰਦਿਆਂ ਆਖਿਆ ਕਿ ਪੰਜਾਬ 'ਚ ਗੈਂਗਸਟਰ ਰਾਜ ਕਰ ਰਿਹਾ ਹੈ, ਮੁੱਖ ਮੰਤਰੀ ਅਤੇ ਡੀ. ਜੀ. ਪੀ. ਤਾਂ ਕਿਤੇ ਵਿਖਾਈ ਹੀ ਨਹੀ ਦੇ ਰਹੇ, ਜਿਸ ਕਾਰਨ ਪੰਜਾਬ ਪੁਲਸ ਵੀ ਪੂਰੀ ਤਰਾਂ ਨਾਲ ਡਰੈਕਸ਼ਨ ਲੈਸ ਹੋ ਚੁੱਕੀ ਹੈ।
ਕੈਮਟਨ 'ਤੇ ਵੱਡੇ ਹਮਲੇ ਕਰਦੇ ਉਨ੍ਹਾਂ ਕਿਹਾ ਕਿ ਚਾਰਾ ਸਾਲਾਂ 'ਚ ਕੈਪਟਨ ਦੀ ਕਾਂਗਰਸ ਸਰਕਾਰ ਨੇ ਅੰਮ੍ਰਿਤਸਰ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੋ-ਜਿਹੀ ਚਮਕ-ਦਮਕ ਅੰਮ੍ਰਿਤਸਰ ਦੀ ਬਾਦਲ ਸਾਬ੍ਹ ਦੇ ਮੁੱਖ ਮੰਤਰੀ ਦੇ ਵੇਲੇ ਸੀ, ਉਹ ਹੁਣ ਨਹੀਂ ਹੈ। ਜਿਹੜੀਆਂ ਚੀਜ਼ਾਂ ਨਵੀਆਂ ਸਨ, ਉਹ ਹੁਣ ਟੁੱਟੀਆਂ ਲੱਗ ਰਹੀਆਂ ਹਨ। ਇਹ ਇਕ ਅਜਿਹਾ ਸਥਾਨ ਹੈ, ਜਿੱਥੇ ਦੂਰੋਂ-ਦੂਰੋਂ ਸੰਗਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਉੱਪ ਮੁੱਖ ਮੰਤਰੀ ਸੀ ਤਾਂ ਉਦੋਂ ਮੈਂ ਮਹੀਨੇ 'ਚ ਚਾਰ-ਪੰਜ ਵਾਰ ਜ਼ਰੂਰ ਇਥੇ ਆਉਂਦਾ ਸੀ।
ਅੰਮ੍ਰਿਤਸਰ ਸ਼ਹਿਰ ਨੂੰ ਜਿਹੜੀ ਵੀ ਚੀਜ਼ ਦੀ ਲੋੜ ਸੀ, ਉਹ ਅਸੀਂ ਬਣਾਈ। ਸਾਰੇ ਫਲਾਈਓਵਰ ਬਣਾਏ। ਅੰਮ੍ਰਿਤਸਰ 'ਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੌਰਾਨ ਹੀ ਹੋਇਆ ਹੈ। ਇਥੇ ਹੈਰੀਟੇਜ਼ ਸਟਰੀਟ ਬਣਾਈ ਗਈ ਸੀ, ਜਿਸ ਦੀ ਅੱਜ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਜਨਤਾ ਨੂੰ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੀ ਸਮੂਚੀ ਲੀਡਰਸ਼ਿਪ ਤੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਅੰਮ੍ਰਿਤਸਰ ਨੂੰ ਕਿਉਂ ਤਬਾਹ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਗਾਰੰਟੀ ਦਿੰਦੇ ਹੋਏ ਕਿਹਾ ਕਿ ਇਕ ਸਾਲ ਰਹਿ ਗਿਆ ਅਤੇ ਸਰਕਾਰ ਬਣਨ 'ਤੇ ਅੰਮ੍ਰਿਤਸਰ ਨੂੰ ਹਿੰਦੋਸਤਾਨ ਦਾ ਤਾਂ ਸਭ ਤੋਂ ਵਧੀਆ ਸ਼ਹਿਰ ਬਣਾ ਹੀ ਦੇਵਾਂਗਾ ਪਰ ਇਸ ਨੂੰ ਇੰਟਰਨੈਸ਼ਨਲ ਸ਼ਹਿਰਾਂ ਵਾਂਗ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਮ ਕਰਨਾ ਕੋਈ ਔਖਾ ਨਹੀਂ ਹੈ, ਹਿੰਮਤ, ਪਲਾਨਿੰਗ ਅਤੇ ਜਜ਼ਬਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਬਣਦਾ ਹੈ ਤਾਂ ਉਸ ਦੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਉਸ ਨੇ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਾਰ ਸਾਲਾਂ 'ਚ ਕਿੰਨੀ ਕੁ ਵਾਰੀ ਇਥੇ ਆਏ ਹਨ, ਉਨ੍ਹਾਂ ਕਦੇ ਵੀ ਇਥੇ ਆ ਕੇ ਜਾਇਜ਼ਾ ਨਹੀਂ ਲਿਆ ਹੈ।
ਉਥੇ ਹੀ ਐਡਵੋਕੇਟ ਆਰ. ਪੀ. ਸਿੰਘ ਮੈਣੀ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਉਨ੍ਹਾਂ ਨੇ ਭਾਜਪਾ ਹਾਈਕਮਾਨ ਤੱਕ ਕਿਸਾਨਾ ਦੀ ਆਵਾਜ਼ ਪਹੁੰਚਾਈ ਸੀ ਪਰ ਕੋਈ ਸੁਣਵਾਈ ਨਾ ਹੋਣ ਦੇ ਰੋਸ ਕਾਰਨ ਹੀ ਜ਼ਿਲਾ ਤਰਨ ਤਾਰਨ ਦੀ ਪ੍ਰਧਾਨਗੀ ਤੋਂ ਅਸਤੀਫਾ ਦਿਤਾ ਸੀ ਤੇ ਹੁਣ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਣ ਤੋਂ ਬਾਅਦ ਆਖਰੀ ਸਾਹ ਤੱਕ ਇਸੇ ਹੀ ਪਾਰਟੀ ਦੀ ਸੇਵਾ ਕਰਾਂਗਾ। ਇਸ ਸਮੇਂ ਬਿਕਰਮ ਸਿੰਘ ਮਜੀਠੀਆ, ਜਥੇ. ਗੁਲਜਾਰ ਸਿੰਘ ਰਣੀਕੇ (ਦੋਵੇਂ) ਸਾਬਕਾ ਮੰਤਰੀ ਪੰਜਾਬ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ (ਦੋਵੇਂ) ਸਾਬਕਾ ਮੁੱਖ ਸੰਸਦੀ ਸਕੱਤਰ, ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਪਾਲ ਸਿੰਘ ਆਹਲੂਵਾਲੀਆ, ਪੁਸ਼ਪਿੰਦਰ ਸਿੰਘ ਪਾਰਸ ਅਤੇ ਹੋਰ ਵੀ ਹਾਜ਼ਰ ਸਨ।