ਸੁਖਬੀਰ ਦੇ ਪੈਰੀਂ ਹੱਥ ਲਗਾ ਕੇ ਕਸੂਤੇ ਫਸੇ ਬਠਿੰਡਾ ਦੇ ਡੀ.ਐੱਸ.ਪੀ.
Monday, Apr 08, 2019 - 03:46 PM (IST)
ਬਠਿੰਡਾ (ਅਮਿਤ ਸ਼ਰਮਾ) : ਬੀਤੇ ਦਿਨ ਅਕਾਲੀ ਦਲ ਵਲੋਂ ਬਠਿੰਡਾ ਦੇ ਹਾਂਡੀ ਰਿਜ਼ਾਰਟ ਵਿਚ ਸਰਕਲ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਕਰਮਚਾਰੀਆਂ ਨੂੰ ਮਿਲਣ ਲਈ ਪੁੱਜੇ ਸਨ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਬਠਿੰਡਾ ਦੇ ਡੀ. ਐੱਸ. ਪੀ. ਕਰਨ ਸ਼ੇਰ ਸਿੰਘ ਢਿੱਲੋਂ ਨੇ ਸੁਖਬੀਰ ਸਿੰਘ ਬਾਦਲ ਦੇ ਗੱਡੀ ਤੋਂ ਉਤਰਦੇ ਹੀ ਉਨ੍ਹਾਂ ਦੇ ਪੈਰੀਂ ਹੱਥ ਲਗਾ ਦਿੱਤਾ ਅਤੇ ਉਨ੍ਹਾਂ ਦੀ ਇਹ ਹਰਕਤ ਕੈਮਰੇ ਵਿਚ ਕੈਦ ਹੋ ਗਈ। ਆਨ ਡਿਊਟੀ ਡੀ.ਐੱਸ.ਪੀ. ਵੱਲੋਂ ਅਜਿਹਾ ਕਰਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਇਸ ਸੰਬੰਧ ਵਿਚ ਬਠਿੰਡਾ ਦੇ ਆਈ.ਜੀ. ਐੱਮ.ਐੱਫ ਫਾਰੁਕੀ ਨੇ ਕਿਹਾ ਕਿ ਡੀ.ਐੱਸ.ਪੀ. ਨੇ ਡਿਊਟੀ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਪੈਰੀਂ ਹੱਥ ਲਾਇਆ ਹੈ ਜੋ ਕਿ ਗਲਤ ਹੈ। ਉਨ੍ਹਾਂ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਚੋਣ ਕਮਿਸ਼ਨ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਅਤੇ ਅੱਗੇ ਜੋ ਵੀ ਕਾਰਵਾਈ ਹੋਵੇਗੀ ਉਹ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਜਾਵੇਗੀ।
ਉਧਰ ਪੰਜਾਬ ਏਕਤਾ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਖਹਿਰਾ ਨੇ ਕਿਹਾ ਕਿ ਪੁਲਸ ਇਨ੍ਹਾਂ ਰਾਜਨੀਤਕ ਲੋਕਾਂ ਦੇ ਦਬਾਅ ਵਿਚ ਹੈ ਅਤੇ ਮਾਨਸਿਕ ਦਬਾਅ ਕਾਰਨ ਇਹ ਅਜਿਹਾ ਕੰਮ ਕਰਦੇ ਹਨ। ਖਹਿਰਾ ਨੇ ਕਿਹਾ ਕਿ ਅਜਿਹੇ ਪੁਲਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।