ਕੈਪਟਨ ਆਸਮਾਨ ਤੋਂ ਦੇਖਣ ਦੀ ਬਜਾਏ ਧਰਤੀ ''ਤੇ ਉਤਰਨ : ਸੁਖਬੀਰ

Friday, Mar 09, 2018 - 06:18 AM (IST)

ਕੈਪਟਨ ਆਸਮਾਨ ਤੋਂ ਦੇਖਣ ਦੀ ਬਜਾਏ ਧਰਤੀ ''ਤੇ ਉਤਰਨ : ਸੁਖਬੀਰ

ਲੁਧਿਆਣਾ(ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਾਮ ਸਾਬਕਾ ਵਿਧਾਇਕ ਰਣਜੀਤ ਢਿੱਲੋਂ ਦੇ ਨਿਵਾਸ 'ਤੇ ਲੁਧਿਆਣਾ 'ਚ ਅਕਾਲੀ ਦਲ ਦੇ ਹਾਰੇ-ਜਿੱਤੇ ਕੌਂਸਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜਿਸ ਤਰੀਕੇ ਦੀ ਕਾਂਗਰਸ ਨੇ ਇਨ੍ਹਾਂ ਨਗਰ ਨਿਗਮ ਚੋਣਾਂ 'ਚ ਧੱਕੇਸ਼ਾਹੀ ਕੀਤੀ ਹੈ, ਉਹ ਸਾਰੇ ਅਗਲੇ ਪਿਛਲੇ ਰਿਕਾਰਡ ਤੋੜ ਗਈ। ਸਰਕਾਰ ਆਉਣ 'ਤੇ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ 'ਤੇ ਚੋਟ ਕਰਦਿਆਂ ਕਿਹਾ ਕਿ ਸਾਲ ਬਾਅਦ ਆਸਮਾਨ ਤੋਂ ਝਾਤੀਆਂ ਮਾਰ ਕੇ ਹੋ ਰਹੀਆਂ ਬੇਨਿਯਮੀਆਂ ਕੈਪਟਨ ਨੂੰ ਧਰਤੀ 'ਤੇ ਉਤਰ ਕੇ ਦੇਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਹਰ ਵਰਗ ਇਸ ਸਰਕਾਰ ਦੀ ਨਿੰਦਾ ਕਰ ਰਿਹਾ ਹੈ ਅਤੇ ਇਸ ਸਰਕਾਰ ਨੇ ਆਉਂਦਿਆਂ ਹੀ ਸਾਰੇ ਕਾਰਜ ਬੰਦ ਕਰ ਕੇ ਲੋਕਾਂ ਨਾਲ ਵੱਡੀ ਬੇਇਨਸਾਫੀ ਕੀਤੀ ਹੈ। ਲੁਧਿਆਣਾ ਨਿਗਮ ਚੋਣਾਂ ਸਮੇਂ ਕਿਸੇ ਵੀ ਵੱਡੇ ਅਕਾਲੀ ਆਗੂਆਂ ਜਾਂ ਉਨ੍ਹਾਂ ਵੱਲੋਂ ਚੋਣਾਂ 'ਚ ਗੇੜਾ ਨਾ ਮਾਰਨ ਸਬੰਧੀ ਸਵਾਲ 'ਤੇ ਉਨ੍ਹਾਂ ਕਿਹਾ ਕਿ ਆਪਣੀ ਜੰਗ ਆਪ ਹੀ ਲੜਨੀ ਪੈਂਦੀ ਹੈ। ਅੱਜ ਸ. ਬਾਦਲ ਜਿੱਥੇ ਲੁਧਿਆਣੇ 'ਚ ਸੀਨੀਅਰ ਅਕਾਲੀ ਨੇਤਾ ਭੁਪਿੰਦਰ ਸਿੰਘ ਭਿੰਦਾ ਦੇ ਨਿਵਾਸ 'ਤੇ ਵੀ ਗਏ, ਉਥੇ ਵੀ ਉਹ ਅਕਾਲੀ ਵਰਕਰਾਂ ਨੂੰ ਮਿਲੇ। ਉਨ੍ਹਾਂ ਨਾਲ ਸਾਬਕਾ ਮੰਤਰੀ ਮਹੇਸ਼ ਇੰਦਰ ਸਿੰਘ ਗਰੇਵਾਲ, ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਹਾਕਮ ਸਿੰਘ ਗਿਆਸਪੁਰਾ, ਵਿਜੇ ਦਾਨਵ, ਬਲਵਿੰਦਰ ਸਿੰਘ ਸੰਧੂ, ਸੁਖਵੇਦ ਸਿੰਘ ਗਿੱਲ, ਬਲਵਿੰਦਰ ਸਿੰਘ ਬਾਜੜਾ, ਹਰਭਜਨ ਸਿੰਘ ਡੰਗ, ਬਲਵਿੰਦਰ ਸਿੰਘ ਨੂਰਵਾਲਾ, ਜਸਪਾਲ ਸਿੰਘ ਗਿਆਸਪੁਰਾ, ਡਾ. ਅਸ਼ਵਨੀ ਪਾਸੀ, ਨਿਰਮਲ ਸਿੰਘ ਐੱਸ. ਐੱਸ., ਤਰਸੇਮ ਭਿੰਡਰ ਤੇ ਹੋਰ ਆਗੂ ਹਾਜ਼ਰ ਸਨ।


Related News