ਸੁਖਬੀਰ ਬਾਦਲ ਕਰਨਗੇ ਫਾਜ਼ਿਲਕਾ ਤੋਂ ਪੋਲ ਖੋਲ੍ਹ ਰੈਲੀ ਦੀ ਸ਼ੁਰੂਆਤ

02/07/2018 3:22:10 AM

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵੱਲੋਂ ਜ਼ਿਲਾ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਪੋਲ ਖੋਲ੍ਹ ਰੈਲੀਆਂ ਦੀ ਸ਼ੁਰੂਆਤ 7 ਫਰਵਰੀ ਨੂੰ ਫਾਜ਼ਿਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਰਨਗੇ। ਇਹ ਜਾਣਕਾਰੀ ਇਥੇ ਅਕਾਲੀ ਆਗੂ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਦੇ ਵਪਾਰਕ ਅਦਾਰੇ 'ਤੇ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ ਦੇ ਓ. ਐੱਸ. ਡੀ. ਸਤਿੰਦਰਜੀਤ ਸਿੰਘ ਮੰਟਾ, ਜ਼ਿਲਾ ਅਕਾਲੀ ਜਥਾ ਫਾਜ਼ਿਲਕਾ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਅਨੇਜਾ, ਦਿਹਾਤੀ ਦੇ ਪ੍ਰਧਾਨ ਜਥੇਦਾਰ ਗੁਰਪਾਲ ਸਿੰਘ ਗਰੇਵਾਲ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਰੈਲੀ ਵਿਚ ਸ. ਬਾਦਲ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਅਤੇ ਧੋਖਿਆਂ ਦੀ ਪੋਲ ਖੋਲ੍ਹਣਗੇ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਰੈਲੀ ਵਿਚ ਫਾਜ਼ਿਲਕਾ ਦੇ ਸਾਬਕਾ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਅਤੇ ਭਾਜਪਾ ਆਗੂ ਭਾਗ ਲੈਣਗੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਜੋ ਲੋਕ ਕਲਿਆਣਕਾਰੀ ਸਕੀਮਾਂ ਅਤੇ ਸਹੂਲਤਾਂ ਸ਼ੁਰੂ ਕੀਤੀਆਂ ਸਨ, ਉਹ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮੀਟਰਾਂ ਦੇ ਬਹਾਨੇ ਸਰਕਾਰ ਕਿਸਾਨਾਂ 'ਤੇ ਬਿਜਲੀ ਦੇ ਬਿੱਲ ਲਾਉਣ ਜਾ ਰਹੀ ਹੈ। ਇਨ੍ਹਾਂ ਦਾਅਵਾ ਕੀਤਾ ਕਿ ਫਾਜ਼ਿਲਕਾ ਦੀ ਪੋਲ ਖੋਲ੍ਹ ਰੈਲੀ ਪੰਜਾਬ ਵਿਚ ਲੋਕ ਸਭਾ ਚੋਣਾਂ ਦੀ ਜਿੱਤ ਦੀ ਨੀਂਹ ਰੱਖੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੁਰਮੀਤ ਸਿੰਘ ਰਾਣੂ, ਤਾਜੀ ਇਸਲਾਮਵਾਲਾ, ਨਿਰਭੈ ਸਿੰਘ ਬਰਾੜ ਥੇਹ ਕਲੰਦਰ ਆਦਿ ਵੀ ਹਾਜ਼ਰ ਸਨ।


Related News