ਸੁਖਬੀਰ ਨੇ ਤਲਬ ਕੀਤੀ ਲੁਧਿਆਣਾ ਅਕਾਲੀ ਦਲ ਦੀ ਰਿਪੋਰਟ!

Wednesday, Nov 01, 2017 - 04:11 AM (IST)

ਸੁਖਬੀਰ ਨੇ ਤਲਬ ਕੀਤੀ ਲੁਧਿਆਣਾ ਅਕਾਲੀ ਦਲ ਦੀ ਰਿਪੋਰਟ!

ਲੁਧਿਆਣਾ(ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਅਕਾਲੀ ਦਲ ਸ਼ਹਿਰੀ ਦੀਆਂ ਬੰਦ ਪਈਆਂ ਗਤੀਵਿਧੀਆਂ ਅਤੇ ਨਾ ਦੇ ਬਰਾਬਰ ਹੀ ਰਾਜਸੀ ਕਾਰਵਾਈਆਂ ਦੀ ਉਨ੍ਹਾਂ ਕੋਲ ਪੁੱਜੀ ਰਿਪੋਰਟ ਤੋਂ ਬਾਅਦ ਸ. ਬਾਦਲ ਵੱਲੋਂ ਆਪਣੇ ਏਲਚੀਆਂ ਰਾਹੀਂ ਸਾਰੀ ਰਿਪੋਰਟ ਚੰਡੀਗੜ੍ਹ ਤਲਬ ਕਰਨ ਦੀ ਚਰਚਾ ਹੈ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਚੋਟੀ ਦੇ ਨੇਤਾਵਾਂ ਦੇ ਇਕ ਵਫਦ ਨੇ ਲੁਧਿਆਣਾ ਦੇ ਅਕਾਲੀ ਦਲ ਦੀ ਸਥਿਤੀ ਤੋਂ ਸ. ਬਾਦਲ ਨੂੰ ਜਾਣੂ ਕਰਵਾਇਆ ਸੀ ਤੇ ਉਸ ਵਫਦ ਨੇ ਇਥੋਂ ਤੱਕ ਸੁਖਬੀਰ ਬਾਦਲ ਨੂੰ ਰਿਪੋਰਟ ਦਿੱਤੀ ਸੀ ਕਿ ਪੰਜਾਬ ਦੀ ਕੈਪਟਨ ਸਰਕਾਰ ਕਾਰਨ ਬਿਜਲੀ ਦੇ ਰੇਟ ਵੱਧ ਗਏ ਹਨ। ਲੁਧਿਆਣਾ ਜੋ ਕਿ ਸਨਅਤੀ ਸ਼ਹਿਰ ਹੈ, ਦੇ ਕਿਸੇ ਅਕਾਲੀ ਆਗੂ ਨੇ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕੀਤੀ, ਨਾ ਹੀ ਇਸ ਨੂੰ ਵੱਡਾ ਮੁੱਦਾ ਬਣਾਇਆ, ਜਦੋਂ ਕਿ ਨਿਗਮ ਚੋਣਾਂ ਸਿਰ 'ਤੇ ਹਨ। ਪਤਾ ਲੱਗਾ ਹੈ ਕਿ ਇਸ ਵਫਦ ਨੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਲੁਧਿਆਣਾ ਦੇ ਆਜ਼ਾਦ ਵਿਧਾਇਕ ਭਰਾ ਅਕਾਲੀ ਦਲ ਵੋਟ ਨੂੰ ਵੱਡੀ ਸੰਨ੍ਹ ਲਾ ਰਹੇ ਹਨ। ਇਥੇ ਹੀ ਬਸ ਨਹੀਂ, ਅਕਾਲੀ ਦਲ ਦੀ ਢਿੱਲੀ ਕਾਰਵਾਈ ਕਾਰਨ 2 ਦਰਜਨ ਦੇ ਕਰੀਬ ਅਕਾਲੀ ਆਗੂ ਸਾਬਕਾ ਕੌਂਸਲਰ ਤੇ ਹੋਰ ਆਗੂ ਕਾਂਗਰਸ ਦੀ ਗੱਡੀ ਚੜ੍ਹਨ ਵਾਲੇ ਹਨ। ਅਜਿਹੀ ਸਥਿਤੀ ਨੂੰ ਭਾਂਪ ਕੇ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਸਾਰੀ ਸਥਿਤੀ ਦੀ ਰਿਪੋਰਟ ਮੰਗ ਲਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਜਲਦ ਹੀ ਇਕ ਵੱਡੇ ਕੱਦ ਦੇ ਨੇਤਾ ਦੇ ਹੱਥ ਲੁਧਿਆਣਾ ਦੀ ਕਮਾਨ ਹੋਵੇਗੀ, ਜੋ ਅਕਾਲੀ ਦਲ ਦੀ ਹਰ ਗਤੀਵਿਧੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਸਮਰੱਥ ਹੋਵੇਗਾ।


Related News