ਬੇਅਦਬੀ ਕੇਸਾਂ ਦੇ ਠੋਸ ਸਬੂਤਾਂ ਬਾਰੇ ''ਸੁਖਬੀਰ'' ਦਾ ਕਾਂਗਰਸੀਆਂ ਨੂੰ ਵੱਡਾ ਸਵਾਲ, ਆਖੀ ਇਹ ਗੱਲ

Saturday, May 15, 2021 - 01:20 PM (IST)

ਬੇਅਦਬੀ ਕੇਸਾਂ ਦੇ ਠੋਸ ਸਬੂਤਾਂ ਬਾਰੇ ''ਸੁਖਬੀਰ'' ਦਾ ਕਾਂਗਰਸੀਆਂ ਨੂੰ ਵੱਡਾ ਸਵਾਲ, ਆਖੀ ਇਹ ਗੱਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲਿਆਂ ਸਬੰਧੀ ਇਕ ਵਾਰ ਫਿਰ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀਆਂ ਨੂੰ ਨਿਸ਼ਾਨੇ 'ਤੇ ਲਿਆ ਹੈ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਹੈ ਕਿ ਜੇਕਰ ਕਾਂਗਰਸੀਆਂ ਕੋਲ ਬੇਅਦਬੀ ਕੇਸਾਂ ਦੇ ਇੰਨੇ ਹੀ ਠੋਸ ਅਤੇ ਸੱਚੇ ਸਬੂਤ ਹਨ ਤਾਂ ਫਿਰ ਉਨ੍ਹਾਂ ਨੂੰ ਹੁਣ ਤੱਕ ਦੁਨੀਆ ਤੋਂ ਲੁਕੋ ਕੇ ਕਿਉਂ ਰੱਖਿਆ ਗਿਆ ਹੈ। ਸੁਖਬੀਰ ਨੇ ਕਿਹਾ ਹੈ ਕਿ ਇਨ੍ਹਾਂ ਸਬੂਤਾਂ ਨੂੰ ਲੁਕੋਣ ਦੀ ਥਾਂ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ। ਸੁਖਬੀਰ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਅਤੇ ਉਨ੍ਹਾਂ ਦੇ ਪ੍ਰਤੱਖ ਜਾਂ ਅਪ੍ਰਤੱਖ ਗੁਪਤ ਸਹਿਯੋਗੀ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਇਸ ਗੱਲ ਦੇ ਠੋਸ ਅਤੇ ਝੂਠਲਾਏ ਨਾ ਜਾ ਸਕਣ ਵਾਲੇ ਸਬੂਤ ਹਨ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਘਿਨਾਉਣਾ ਪਾਪ ਕਿਸੇ ਨੇ ਯੋਜਨਾਬੱਧ ਕੀਤਾ, ਕਿਸੇ ਨੇ ਸਰਪ੍ਰਸਤੀ ਦਿੱਤੀ ਅਤੇ ਕਿਸ ਨੇ ਇਹ ਨੇਪਰੇ ਚਾੜ੍ਹਿਆ।

ਇਹ ਵੀ ਪੜ੍ਹੋ : 'ਕੋਰੋਨਾ' ਦਾ ਘਰਾਂ 'ਚ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੱਡੀ ਖ਼ਬਰ, ਕੀਤਾ ਗਿਆ ਅਹਿਮ ਐਲਾਨ

ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਸਾਢੇ 4 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਮੈਂ ਹੈਰਾਨ ਹਾਂ ਕਿ ਜੇਕਰ ਉਨ੍ਹਾਂ ਕੋਲ ਇੰਨੇ ਠੋਸ ਸਬੂਤ ਹਨ ਤਾਂ ਉਹ ਇਨ੍ਹਾਂ ਨੂੰ ਖਾਲਸਾ ਪੰਥ, ਐਸ. ਆਈ. ਟੀ., ਅਦਾਲਤ ਅਤੇ ਪੰਜਾਬ ਸਮੇਤ ਦੁਨੀਆ ਭਰ ਦੇ ਬਾਕੀ ਲੋਕਾਂ ਤੋਂ ਲੁਕੋ ਕਿਉਂ ਰਹੇ ਹੋ? ਸੁਖਬੀਰ ਨੇ ਕਿਹਾ ਕਿ ਮੇਰੀ ਪੁਰਜ਼ੋਰ ਅਪੀਲ ਹੈ ਕਿ ਜਿਸ ਕਿਸੇ ਦੀ ਵੀ ਖ਼ਿਲਾਫ ਉਨ੍ਹਾਂ ਕੋਲ ਬੇਅਦਬੀ ਦੇ ਦੁਖਦਾਈ ਹਾਦਸੇ ਦੇ ਜਿਹੜੇ ਵੀ ਠੋਸ ਤੇ ਸੱਚੇ ਸਬੂਤ ਅਤੇ ਜੋ ਵੀ ਵੇਰਵੇ ਹਨ, ਉਹ ਉਨ੍ਹਾਂ ਨੂੰ ਖ਼ਾਲਸਾ ਪੰਥ, ਅਦਾਲਤ, ਐਸ. ਆਈ. ਟੀ. ਅਤੇ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰਨ।

ਇਹ ਵੀ ਪੜ੍ਹੋ : ਚਾਰ ਭੈਣ-ਭਰਾਵਾਂ ਦੀ ਮੌਤ ਨੇ ਖ਼ਾਲੀ ਕੀਤਾ ਭਰਿਆ ਪਰਿਵਾਰ, ਬਚਾਉਣ ਗਿਆ ਨੌਜਵਾਨ ਵੀ ਛੱਪੜ 'ਚ ਡੁੱਬਾ (ਤਸਵੀਰਾਂ)

ਸੁਖਬੀਰ ਨੇ ਕਿਹਾ ਕਿ ਜੇਕਰ ਸੱਚਮੁੱਚ ਉਨ੍ਹਾਂ ਕੋਲ ਅਜਿਹੇ ਸਬੂਤ ਹਨ, ਜਿਨ੍ਹਾਂ ਦਾ ਉਹ ਇੰਨੇ ਸਾਲਾਂ ਤੋਂ ਦਾਅਵਾ ਕਰਦੇ ਆ ਰਹੇ ਹਨ ਤਾਂ ਉਨ੍ਹਾਂ ਨੂੰ ਸਮੁੱਚੇ ਖ਼ਾਲਸਾ ਪੰਥ ਅਤੇ ਹੋਰਾਂ ਨੂੰ ਇੰਨੇ ਲੰਬੇ ਸਮੇਂ ਤੋਂ ਇਸ ਅਕਹਿ ਤੇ ਅਸਹਿ ਪੀੜਾ ਵਿੱਚੋਂ ਕਿਉਂ ਲੰਘਣ ਦਿੱਤਾ? ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਾਲਸਾ ਪੰਥ, ਐਸ. ਆਈ. ਟੀ. ਅਤੇ ਅਦਾਲਤਾਂ ਸਮੇਤ ਹੋਰ ਸਭਨਾਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਨੇ ਇਨ੍ਹਾਂ ਸਬੂਤਾਂ ਨੂੰ ਸਿੱਖ ਕੌਮ, ਐਸ. ਆਈ. ਟੀ. ਅਤੇ ਅਦਾਲਤਾਂ ਤਂ ਕਿਉਂ ਲੁਕੋ ਕੇ ਰੱਖਿਆ? ਸੁਖਬੀਰ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਨਾ ਤਾਂ ਸਾਨੂੰ ਸਿਆਸਤ ਤੋਂ ਪ੍ਰੇਰਿਤ ਪਿਛਲੀ ਐੱਸ. ਆਈ. ਟੀ. 'ਤੇ ਕੋਈ ਭਰੋਸਾ ਸੀ ਅਤੇ ਨਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਐੱਸ. ਆਈ. ਟੀ. ਨੂੰ ਸਿਆਸੀ ਦਖ਼ਲ ਅੰਦਾਜ਼ੀ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ

ਇਸ ਦੇ ਬਾਵਜੂਦ ਅਸੀਂ ਪਿਛਲੀ ਐਸ. ਆਈ. ਟੀ. ਅੱਗੇ ਪੇਸ਼ ਵੀ ਹੋਏ ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ। ਉਨ੍ਹਾਂ ਕਿਹਾ ਕਿ ਬਿਲਕੁਲ ਇਸੇ ਤਰ੍ਹਾਂ ਅਸੀਂ ਮੌਜੂਦਾ ਐਸ. ਆਈ. ਟੀ. ਨੂੰ ਵੀ ਪੂਰਾ ਸਹਿਯੋਗ ਦਿਆਂਗੇ ਕਿਉਂਕਿ ਅਸੀਂ ਦੇਸ਼ ਦੇ ਕਾਨੂੰਨ ਅਤੇ ਨਿਆਪਾਲਿਕਾ ਨੂੰ ਸਭ ਤੋਂ ਉੱਤੇ ਰੱਖਦੇ ਹਨ ਅਤੇ ਸਤਿਕਾਰ ਦਿੰਦੇ ਹਾਂ। ਸੁਖਬੀਰ ਨੇ ਫਿਰ ਕਿਹਾ ਕਿ ਸੁਨੀਲ ਜਾਖੜ, ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਵਰਗੇ ਕਾਂਗਰਸੀਆਂ ਤੇ ਭਗਵੰਤ ਮਾਨ ਵਰਗੇ ਜਿਹੜੇ ਇੰਨੇ ਸਾਲਾਂ ਤੋਂ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਕੋਲ ਇਸ ਮਾਮਲੇ ਦੇ ਸਬੂਤ ਹਨ ਤਾਂ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਬੇਨਤੀ ਹੈ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੀ ਕੀਤੇ ਬੇਅਦਬੀ ਦੇ ਇਸ ਘੋਰ ਪਾਪ ਦੇ ਅਸਲ ਦੋਸ਼ੀਆਂ ਖ਼ਿਲਾਫ਼ ਸਬੂਤਾਂ ਨੂੰ ਲੁਕੇ ਕੇ ਨਾ ਰੱਖੋ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News