ਰੋਡ ਸ਼ੋਅ ਦੌਰਾਨ 'ਸੁਖਬੀਰ' ਦੀ ਕੈਪਟਨ ਨੂੰ ਵੰਗਾਰ, ਕੇਂਦਰ 'ਤੇ ਕੱਢਿਆ ਗੁੱਸਾ
Thursday, Oct 01, 2020 - 07:19 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵੱਲੋਂ ਵੀਰਵਾਰ ਨੂੰ ਖੇਤੀ ਬਿੱਲਾਂ ਖ਼ਿਲਾਫ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ, ਜਿਹੜਾ ਕਿ ਚੰਡੀਗੜ੍ਹ ਵੱਲ ਵੱਧ ਰਿਹਾ ਹੈ। ਇਸ ਦੌਰਾਨ 'ਜਗਬਾਣੀ' ਨਾਲ ਖਾਸ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ। ਜਦੋਂ ਸੁਖਬੀਰ ਤੋਂ ਸਵਾਲ ਪੁੱਛਿਆ ਗਿਆ ਕਿ ਕੈਪਟਨ ਸਾਹਿਬ ਕਹਿੰਦੇ ਹਨ ਜੇਕਰ ਸਾਰੀਆਂ ਪਾਰਟੀਆਂ ਇੱਕੋ ਝੰਡੇ ਹੇਠਾਂ ਆ ਜਾਣ ਤਾਂ ਉਹ ਖੁਦ ਇਸ ਅੰਦੋਲਨ ਦੀ ਅਗਵਾਈ ਕਰਨਗੇ ਤਾਂ ਜਵਾਬ 'ਚ ਸੁਖਬੀਰ ਨੇ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਅਗਵਾਈ ਕਰਨ ਲਈ ਵੱਡੇ ਜੇਰੇ ਦੀ ਲੋੜ ਹੁੰਦੀ ਹੈ, ਸੜਕਾਂ 'ਤੇ ਉਤਰਨਾ ਪੈਂਦਾ ਹੈ, ਲੋਕਾਂ 'ਚ ਵਿਚਰਨਾ ਪੈਂਦਾ ਹੈ।
ਸੁਖਬੀਰ ਨੇ ਕਿਹਾ ਕਿ ਕੈਪਟਨ ਆਪਣੇ ਮਹਿਲ 'ਚੋਂ ਨਿਕਲਣ ਲਈ ਤਾਂ ਤਿਆਰ ਨਹੀਂ ਹਨ ਤਾਂ ਫਿਰ ਜੇਕਰ ਉਹ ਅਗਵਾਈ ਕਰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਕਿੱਥੇ ਲੱਭਦੇ ਰਹਾਂਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਕੱਢਦਿਆਂ ਕਿਹਾ ਕਿ ਉਹ ਅਜਿਹੀ ਸਰਕਾਰ ਨਾਲ ਬਿਲਕੁਲ ਕੰਮ ਨਹੀਂ ਕਰ ਸਕਦੇ, ਜਿਹੜੀ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ, ਕੁਰਸੀਆਂ ਨਹੀਂ ਚਾਹੀਦੀਆਂ, ਸਗੋਂ ਉਹ ਪੰਜਾਬ ਦੀ ਕਿਰਸਾਨੀ ਨਾਲ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਭਾਵੇਂ ਹੀ ਕੇਂਦਰ ਸਰਕਾਰ ਨੇ ਖੇਤੀ ਬਿੱਲਾਂ ਨੂੰ ਪਾਸ ਕਰ ਦਿੱਤਾ ਹੈ ਪਰ ਪੰਜਾਬ ਦੇ ਕਿਸਾਨਾਂ ਦੇ ਦਬਾਅ ਕਾਰਨ ਮੋਦੀ ਸਰਕਾਰ ਨੂੰ ਆਪਣਾ ਫ਼ੈਸਲਾ ਲੈਣ ਲਈ ਮਜਬੂਰ ਹੋਣਾ ਪਵੇਗਾ।