ਬਾਦਲਾਂ ਦੀ ਕੋਰ ਕਮੇਟੀ ’ਚ ‘ਹਿੰਦੂ ਅਕਾਲੀ ਨੇਤਾ’ ਲਈ ਨਹੀਂ ਥਾਂ!

06/24/2020 9:33:40 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਹਾਈ ਪਾਵਰ ਕੋਰ ਕਮੇਟੀ ਦਾ ਗਠਨ ਕੀਤਾ ਸੀ। ਉਸ 'ਚ ਜ਼ਿਅਦਾਤਰ ਜੱਟ ਸਿੱਖ ਅਕਾਲੀ ਨੇਤਾ ਭਾਰੂ ਹਨ, ਜਦੋਂ ਕਿ ਐੱਸ. ਸੀ. ਭਾਈਚਾਰੇ ਵੱਲੋਂ ਚਰਨਜੀਤ ਸਿੰਘ ਅਟਵਾਲ ਤੋਂ ਬਾਅਦ 'ਚ ਬੀ. ਸੀ. ਭਾਈਚਾਰੇ ਵੱਲੋਂ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੂੰ ਵੀ ਥਾਂ ਮਿਲ ਗਈ ਸੀ ਪਰ ਪੰਜਾਬ 'ਚ ਹਿੰਦੂ ਭਾਈਚਾਰੇ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ’ਚ ਬੈਠੇ ਦੋ ਦਰਜਨ ਦੇ ਕਰੀਬ ਕਿਸੇ ਨੇਤਾ ਨੂੰ ਕੋਰ ਕਮੇਟੀ 'ਚ ਥਾਂ ਨਾ ਮਿਲਣ ’ਤੇ ਹਿੰਦੂ ਨੇਤਾ ਇਕ-ਦੂਜੇ ਕੋਲ ਘੁਸਰ-ਮੁਸਰ ਕਰ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਕੋਈ ਦਰਜਨ ਦੇ ਨੇੜੇ-ਤੇੜੇ ਹਿੰਦੂ ਚਹੇਤਿਆਂ ਨੂੰ ਟਿਕਟਾਂ ਦੇ ਕੇ ਅਕਾਲੀ ਦਲ ਦੀ ਟਿਕਟ ਨਾਲ ਪੱਤਾ ਖੇਡਿਆ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਸਫਲ ਵੀ ਹੋ ਗਏ, ਜਿਵੇਂ ਸੰਗਰੂਰ ਤੋਂ ਪ੍ਰਕਾਸ਼ ਚੰਦ ਗਰਗ, ਡੇਰਾ ਬੱਸੀ ਤੋਂ ਐੱਨ. ਕੇ. ਸ਼ਰਮਾ, ਮਾਨਸਾ ਤੋਂ ਪ੍ਰੇਮ ਮਿੱਤਲ, ਬਠਿੰਡਾ ਤੋਂ ਸਰੂਪ ਚੰਦ ਸਿੰਗਲਾ, ਫਰੀਦਕੋਟ ਤੋਂ ਦੀਪ ਮਲਹੋਤਰਾ, ਬਲਾਚੌਰ ਤੋਂ ਚੌਧਰੀ ਨੰਦ ਲਾਲ। ਇਸੇ ਤਰ੍ਹਾਂ ਐੱਸ. ਸੀ. ਸੀਟਾਂ ’ਤੇ ਚਿਹਰੇ ਜਿਵੇਂ ਜਗਰਾਓਂ ਤੋਂ ਐੱਸ. ਆਰ. ਕਲੇਰ, ਫਿਲੌਰ ਤੋਂ ਅਵਿਨਾਸ਼ ਰਾਏ, ਆਦਮਪੁਰ ਤੋਂ ਪਵਨ ਕੁਮਾਰ ਟੀਨੂ, ਵਿਧਾਇਕ ਬਣੇ ਸਨ।

ਜਦੋਂ ਕਿ 2017 'ਚ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰ ਦੀ ਕੁਰਸੀ ਵੀ ਹਾਸਲ ਨਹੀਂ ਕਰ ਸਕੀ। ਸਿਆਸੀ ਮਾਹਰਾਂ ਨੇ ਇਸ ਮਾਮਲੇ ’ਤੇ ਕਿਹਾ ਕਿ ਪੰਜਾਬ 'ਚ ਬੈਠੇ ਹਿੰਦੂ ਭਾਈਚਾਰੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਦਰਜਨ ਦੇ ਕਰੀਬ ਹਿੰਦੂ ਚਿਹਰਿਆਂ ਨੂੰ ਮਾਣ ਦੇ ਦਿੱਤਾ ਸੀ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬਣਾਈ ਕੋਰ ਕਮੇਟੀ 'ਚ ਕਿਉਂ ਨਹੀਂ ਦਿੱਤਾ, ਇਹ ਉਹ ਆਪ ਹੀ ਜਾਣਦੇ ਹਨ। ਜਦੋਂ ਇਸ ਸਬੰਧੀ ਡਾ. ਦਲਜੀਤ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਦੀ ਜੱਥੇਬੰਦੀ 'ਚ ਦੋ-ਤਿੰਨ ਨੇਤਾਵਾਂ ਨੂੰ ਪਾਰਟੀ ’ਚ ਪਾਇਆ ਹੈ, ਜਿਵੇਂ ਕਿ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕੋਰ ਕਮੇਟੀ ’ਚ ਕਿਉਂ ਨਹੀਂ ਪਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ।
 


Babita

Content Editor

Related News