ਮਾਘੀ ਮੇਲੇ ਦੌਰਾਨ ਢੀਂਡਸਾ ਪਰਿਵਾਰ 'ਤੇ ਵਰ੍ਹੇ ਸੁਖਬੀਰ ਬਾਦਲ

01/14/2020 6:21:26 PM

ਸ੍ਰੀ ਮੁਕਤਸਰ ਸਾਹਿਬ— ਸ੍ਰੀ ਮੁਕਤਸਰ ਸਾਹਿਬ ਵਿਖੇ ਮਲੋਟ ਰੋਡ 'ਤੇ ਕੀਤੀ ਗਈ ਮਾਘੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਢੀਂਡਸਾ ਪਰਿਵਾਰ 'ਤੇ ਖੁੱਲ੍ਹ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਦਾ ਨਿਸ਼ਾਨਾ ਸਿਰਫ ਅਕਾਲੀ ਦਲ ਨੂੰ ਹਰਾਉਣਾ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਢੀਂਡਸਾ ਸਾਬ੍ਹ ਤੁਹਾਡੇ ਕਹਿਣ 'ਤੇ ਕੁਝ ਨਹੀਂ ਹੋਣਾ, ਸਾਡੀ ਜਿੱਤ-ਹਾਰ ਪ੍ਰਮਾਤਮਾ ਦੇ ਸਿਰ 'ਤੇ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਉਹ ਹੁੰਦੇ ਹਨ, ਜੋ ਪਾਰਟੀ ਦਾ ਵਫਾਦਾਰ ਹੋਵੇ। ਪਾਰਟੀ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਟਕਸਾਲੀ ਨਹੀਂ ਹੁੰਦੇ ਹਨ। ਜਿਹੜਾ ਜਨਤਾ ਦੀ ਸੇਵਾ ਕਰਦਾ ਉੁਸ ਨੂੰ ਕੋਈ ਵੀ ਹਰਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਟਕਾਸਲੀ ਵਰਗੇ ਜਾਅਲੀ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਪਰ ਸਰਕਾਰ ਸਾਡੀ ਹੀ ਬਣੇਗੀ। ਮੈਂ ਇਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਜਿੱਤ ਨਹੀਂ ਰਹੇ ਤਾਂ ਇਸ ਦਾ ਮਤਲਬ ਤੁਸੀਂ ਲੋਕਾਂ ਲਈ ਕੁਝ ਕਰ ਨਹੀਂ ਰਹੇ।

PunjabKesari

ਲਗਾਤਾਰ ਬੋਲਦਾ ਆ ਰਿਹੈ ਢੀਂਡਸਾ ਪਰਿਵਾਰ ਪਰ ਅਸੀਂ ਅੱਜ ਤੱਕ ਕੁਝ ਨਹੀਂ ਕਿਹਾ

ਉਨ੍ਹਾਂ ਕਿਹਾ ਕਿ ਢੀਂਡਸਾ ਸਾਬ੍ਹ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਖਿਲਾਫ ਲਗਾਤਾਰ ਬੋਲਦੇ ਆ ਰਹੇ ਹਨ ਅਤੇ ਅੱਜ ਤੱਕ ਅਸੀਂ ਕੁਝ ਨਹੀਂ ਬੋਲੇ। ਮੈਂ ਢੀਂਡਸਿਆਂ ਖਿਲਾਫ ਕੁਝ ਬੋਲਣਾ ਨਹੀਂ ਸੀ, ਉਹ ਮੇਰੇ ਸਤਿਕਾਰਾ ਹਨ ਪਰ ਜਦ ਉਹ ਲਗਾਤਾਰ ਸਾਡੇ ਪਰਿਵਾਰ ਖਿਲਾਫ ਬੋਲ ਰਹੇ ਹਨ ਤਾਂ ਫਿਰ ਮੈਂ ਵੀ ਬੋਲਣ ਲਈ ਮਜਬੂਰ ਹਾਂ। ਉਨ੍ਹਾਂ ਕਿਹਾ ਕਿ ਮੈਂ ਢੀਂਡਸਾ ਸਾਬ੍ਹ ਦੀ ਗੋਦੀ 'ਚ ਖੇਡਿਆ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ 70 ਸਾਲ ਲਗਾਤਾਰ ਸੇਵਾ ਕੀਤੀ ਹੈ। ਪਿੰਡ ਦੇ ਸਰਪੰਚ ਤੋਂ ਲੈ ਕੇ ਬਲਾਕ ਸੰਮਤੀ ਦੇ ਮੈਂਬਰ ਬਣੇ, ਚੇਅਰਮੈਨ ਬਣੇ, ਵਿਧਾਇਕ, ਐੱਮ. ਪੀ ਸਮੇਤ ਸੈਂਟਰ ਦੇ ਵਜ਼ੀਰ ਵੀ ਬਣੇ ਹਨ। ਜਿਹੜੀ ਵੀ ਜੰਗ ਹੋਈ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਹੋ ਕੇ ਲੜੀ ਹੈ ਅਤੇ ਜੇਕਰ ਜੇਲ ਵੀ ਜਾਣਾ ਪਿਆ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੇਲ ਗਏ।

30 ਸਾਲਾਂ 'ਚ ਸਿਰਫ ਇਕ ਵਾਰ ਜਿੱਤੇ ਢੀਂਡਸਾ
ਉਨ੍ਹਾਂ ਕਿਹਾ ਕਿ ਮੈਨੂੰ 35 ਸਾਲ ਸਿਆਸਤ 'ਚ ਹੋ ਗਏ ਹਨ, ਮੈਨੂੰ ਨਹੀਂ ਯਾਦ ਕਿ ਜੇਕਰ ਢੀਂਡਸਾ ਸਾਬ੍ਹ ਨੇ ਬਾਦਲ ਸਾਬ੍ਹ ਨੂੰ ਕੁਝ ਕਿਹਾ ਹੋਵੇ ਤਾਂ ਉਹ ਨਾ ਮੰਨੇ ਹੋਣ। ਸੁਖਦੇਵ ਸਿੰਘ ਢੀਂਡਸਾ ਪਿਛਲੇ 30 ਸਾਲਾ ਤੋਂ ਚੋਣਾਂ ਲੜ ਰਹੇ ਹਨ ਪਰ ਇਕ ਵਾਰ ਜਿੱਤੇ ਹਨ ਅਤੇ ਹਰ ਵਾਰ ਹਾਰੇ ਹਨ। ਉਸ ਸਮੇਂ ਮੇਰੇ ਪਿਤਾ ਕੋਲ ਆਉਂਦੇ ਸਨ ਤਾਂ ਹੌਂਸਲੇ ਨੂੰ ਟੁੱਟਣ ਨਹੀਂ ਦਿੱਤਾ ਜਾਂਦਾ ਸੀ। ਸਗੋਂ ਤੁਰੰਤ ਉਨ੍ਹਾਂ ਨੂੰ ਕਿਸੇ ਨਾ ਕਿਸੇ ਅਹੁਦੇ 'ਤੇ ਲਗਾ ਦਿੱਤਾ ਜਾਂਦਾ ਸੀ। ਸਿਰਫ ਇਕ ਵਾਰ ਜਿੱਤਣ ਦੇ ਬਾਵਜੂਦ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਅਤੇ ਚੇਅਰਮੈਨੀਆਂ ਦਿੱਤੀਆਂ ਹਨ। ਅਜੇ ਵੀ ਇਹ ਅਕਾਲੀ ਦਲ 'ਤੇ ਸਵਾਲ ਚੁੱਕ ਰਹੇ ਹਨ। ਢੀਂਡਸਾ ਸਾਬ੍ਹ ਖੁਦ ਹਰ ਵਾਰ ਆਪਣਾ ਹਲਕਾ ਬਦਲ ਲੈਂਦੇ ਸਨ ਕਿਉਂਕਿ 5 ਸਾਲ 'ਚ ਹਲਕਾ ਉਨ੍ਹਾਂ ਦਾ ਭੇਤੀ ਹੋ ਜਾਂਦਾ ਸੀ। ਇਸੇ ਤਰ੍ਹਾਂ ਮੈਂ ਆਪਣੇ ਵੀਰ ਪਰਮਿੰਦਰ ਨੂੰ ਵੀ ਉਸ ਦੀ ਮਰਜੀ ਦਾ ਹਲਕਾ ਦਿੱਤਾ।

PunjabKesari

ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਮੇਰੇ ਕੋਲ ਇਸ ਵਾਰ ਆਏ ਤਾਂ ਕਿਹਾ ਕਿ ਮੈਂ ਸੁਨਾਮ ਤੋਂ ਚੋਣ ਨਹੀਂ ਲੜਨੀ ਤਾਂ ਮੈਂ ਕਿਹਾ ਕਿ ਤੁਸੀਂ ਜਿੱਥੋਂ ਚੋਣ ਲੜਨੀ ਹੈ ਲੜੋ, ਤੁਹਾਡੀ ਪਹਿਲ ਹੈ। ਉਸ ਸਮੇਂ ਤਾਂ ਸੁਖਬੀਰ ਸਿੰਘ ਬਾਦਲ ਮਾੜਾ ਨਹੀਂ ਸੀ। ਫਿਰ ਸੁਖਦੇਵ ਸਿੰਘ ਢੀਂਡਸਾ ਸਾਬ੍ਹ ਜਵਾਈ ਨੂੰ ਚੋਣ ਲਈ ਮੋਹਾਲੀ ਤੋਂ ਟਿਕਟ ਲੈਣ ਲੈਣ ਦੀ ਮੰਗ ਕੀਤੀ ਪਰ ਫਿਰ ਵੀ ਉਨ੍ਹਾਂ ਦਾ ਕਹਿਣਾ ਨਹੀਂ ਟਾਲਿਆ। ਫਿਰ ਵੀ ਇਹ ਅਕਾਲੀ ਦਲ 'ਤੇ ਸਵਾਲ ਚੁੱਕਦੇ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ। ਉਨ੍ਹਾਂ ਕਿਹਾ ਕਿ ਜਿਸ ਅਕਾਲੀ ਦਲ ਨੂੰ ਉਹ ਬਾਦਲ ਮੁਕਤ ਕਰਵਾਉਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਵੱਡੇ ਬਾਦਲ ਲਗਾਤਾਰ 65 ਸਾਲ ਜਿੱਤਦੇ ਆ ਰਹੇ ਹਨ। ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਕੋਈ ਹਾਰਿਆਂ ਮੁੱਖ ਮੰਤਰੀ ਨਹੀਂ ਬਣਦਾ।


shivani attri

Content Editor

Related News